ਕੇਰਲ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਕੋਝੀਕੋਡ ਜ਼ਿਲ੍ਹੇ ਵਿੱਚ ਦੋ ਲੋਕਾਂ ਦੀ ਗੈਰ-ਕੁਦਰਤੀ ਮੌਤ ਤੋਂ ਬਾਅਦ ਨਿਪਾਹ ਵਾਇਰਸ ਨਾਲ ਸਬੰਧਤ ਅਲਰਟ ਜਾਰੀ ਕੀਤਾ ਹੈ। ਸਿਹਤ ਵਿਭਾਗ ਨੇ ਸੋਮਵਾਰ ਰਾਤ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਸਥਿਤੀ ਦੀ ਸਮੀਖਿਆ ਕੀਤੀ।
ਬਿਆਨ ‘ਚ ਕਿਹਾ ਗਿਆ ਹੈ ਕਿ ਬੁਖਾਰ ਤੋਂ ਬਾਅਦ ਦੋ ਲੋਕਾਂ ਦੀ ‘ਗੈਰ-ਕੁਦਰਤੀ’ ਮੌਤ ਦੀ ਸੂਚਨਾ ਇਕ ਨਿੱਜੀ ਹਸਪਤਾਲ ਤੋਂ ਮਿਲੀ ਹੈ ਅਤੇ ਸ਼ੱਕ ਹੈ ਕਿ ਨਿਪਾਹ ਵਾਇਰਸ ਉਨ੍ਹਾਂ ਦੀ ਮੌਤ ਦਾ ਕਾਰਨ ਹੋ ਸਕਦਾ ਹੈ। ਕੋਝੀਕੋਡ ਜ਼ਿਲ੍ਹੇ ਵਿੱਚ 2018 ਅਤੇ 2021 ਵਿੱਚ ਨਿਪਾਹ ਵਾਇਰਸ ਕਾਰਨ ਮੌਤਾਂ ਵੀ ਦਰਜ ਕੀਤੀਆਂ ਗਈਆਂ ਸਨ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਮ੍ਰਿਤਕਾਂ ਵਿੱਚੋਂ ਇੱਕ ਦੇ ਰਿਸ਼ਤੇਦਾਰ ਨੂੰ ਵੀ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ ਕਰਵਾਇਆ ਗਿਆ ਹੈ। ਦਰਅਸਲ, ਨਿਪਾਹ ਵਾਇਰਸ ਦਾ ਪਹਿਲਾ ਮਾਮਲਾ 19 ਮਈ 2018 ਨੂੰ ਕੋਝੀਕੋਡ ਵਿੱਚ ਸਾਹਮਣੇ ਆਇਆ ਸੀ। ਉਸ ਸਮੇਂ ਇਸ ਕਾਰਨ 17 ਲੋਕਾਂ ਦੀ ਜਾਨ ਚਲੀ ਗਈ ਸੀ। ਵਿਸ਼ਵ ਸਿਹਤ ਸੰਗਠਨ WHO ਦੇ ਅਨੁਸਾਰ, ਨਿਪਾਹ ਵਾਇਰਸ ਇੱਕ ਤੇਜ਼ੀ ਨਾਲ ਉੱਭਰ ਰਿਹਾ ਵਾਇਰਸ ਹੈ, ਜੋ ਜਾਨਵਰਾਂ ਤੋਂ ਲੋਕਾਂ ਵਿੱਚ ਫੈਲਦਾ ਹੈ ਅਤੇ ਦੂਸ਼ਿਤ ਭੋਜਨ ਦੁਆਰਾ ਜਾਂ ਸਿੱਧੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦਾ ਹੈ।
ਰਿਪੋਰਟ ਮੁਤਾਬਕ ਇਸ ਵਾਇਰਸ ਦਾ ਪਤਾ ਪਹਿਲੀ ਵਾਰ 1998 ਵਿੱਚ ਮਲੇਸ਼ੀਆ ਦੇ ਕੰਪੁੰਗ ਸੁੰਗਈ ਨਿਪਾਹ ਤੋਂ ਮਿਲਿਆ ਸੀ ਅਤੇ ਉਥੋਂ ਹੀ ਇਸ ਵਾਇਰਸ ਦਾ ਨਾਮ ਵੀ ਸਾਹਮਣੇ ਆਇਆ ਸੀ। ਉਸ ਸਮੇਂ ਸੂਰ ਇਸ ਬਿਮਾਰੀ ਦੇ ਵਾਹਕ ਸਨ। ਜੇਕਰ ਕੋਈ ਵਿਅਕਤੀ 5 ਤੋਂ 14 ਦਿਨਾਂ ਤੱਕ ਇਸ ਵਾਇਰਸ ਨਾਲ ਸੰਕਰਮਿਤ ਰਹਿੰਦਾ ਹੈ, ਤਾਂ ਇਹ ਵਾਇਰਸ ਤਿੰਨ ਤੋਂ 14 ਦਿਨਾਂ ਤੱਕ ਤੇਜ਼ ਬੁਖਾਰ ਅਤੇ ਸਿਰ ਦਰਦ ਦਾ ਕਾਰਨ ਬਣ ਸਕਦਾ ਹੈ। ਸ਼ੁਰੂਆਤੀ ਦੌਰ ‘ਚ ਸਾਹ ਲੈਣ ‘ਚ ਤਕਲੀਫ ਹੁੰਦੀ ਹੈ ਜਦਕਿ ਨਿਊਰੋਲੋਜੀਕਲ ਸਮੱਸਿਆਵਾਂ ਵੀ ਹੁੰਦੀਆਂ ਹਨ।