ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਰਕਾਰ ਨੂੰ ਲਿਖੀ ਚਿੱਠੀ ‘ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਤੀਕਿਰਿਆ ਦਿੱਤੀ ਹੈ। ਚੀਮਾ ਨੇ ਕਿਹਾ ਕਿ ਰਾਜਪਾਲ ਨੂੰ ਸੂਬੇ ਦੇ ਕਰਜ਼ ‘ਤੇ ਗੱਲ ਨਹੀਂ ਕਰਨੀ ਚਾਹੀਦੀ। ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਨੂੰ 3 ਲੱਖ ਕਰੋੜ ਰੁਪਏ ਦਾ ਕਰਜ਼ ਵਿਰਾਸਤ ਵਿਚ ਦਿੱਤਾ ਹੈ। ਜੇਕਰ ਰਾਜਪਾਲ ਕੇਂਦਰ ਸਰਕਾਰ ਨਾਲ ਗੱਲ ਕਰਕੇ ਰੂਰਲ ਡਿਵੈਲਪਮੈਂਟ ਫੰਡ ਦੀ ਰਕਮ ਦਿਵਾ ਦਿੰਦੇ ਹਨ ਤਾਂ ਪੰਜਾਬ ਸਰਕਾਰ ਸੁਪਰੀਮ ਕੋਰਟ ਤੋਂ ਆਪਣੀ ਅਰਜ਼ੀ ਵਾਪਸ ਲੈ ਲਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਕਰਜ਼ ਦੇ ਵਿਆਜ ਵਜੋਂ ਸਾਨੂੰ ਹਜ਼ਾਰਾਂ ਕਰੋੜਾਂ ਰੁਪਏ ਚੁਕਾਉਣੇ ਪੈ ਰਹੇ ਹਨ। ਕਰਜ਼ ਦੀ ਕਿਸ਼ਤ ਤੇ ਵਿਆਜ ਚੁਕਾਉਣ ਦੇ ਬਾਵਜੂਦ ਆਪ ਸਰਕਾਰ ਪੰਜਾਬ ਦੇ ਲੋਕਾਂ ਦੇ ਕਲਿਆਣ ਲਈ ਕਾਫੀ ਚੰਗਾ ਕੰਮ ਕਰ ਰਹੀ ਹੈ। ਰਾਜਪਾਲ ਨੂੰ ਇਸ ਲਈ ਚਿੱਠੀ ਲਿਖੀ ਗਈ ਹੈ ਕਿਉਂਕਿ ਉਹ ਵਾਰ-ਵਾਰ ਪੰਜਾਬ ਸਰਕਾਰ ਨੂੰ ਚਿੱਠੀ ਲਿਖਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਵਾਰ ਕੇਂਦਰ ਨੂੰ ਆਰਡੀਐੱਫ ਦਾ ਫੰਡ ਰਿਲੀਜ਼ ਕਰਨ ਲਈ ਚਿੱਠੀ ਲਿਖੀ।ਖੁਦ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਕੇ ਇਸ ਦੀ ਮੰਗ ਕਰ ਚੁੱਕੇ ਹਨ ਪਰ ਕੇਂਦਰ ਤੋਂ ਕੋਈ ਜਵਾਬ ਨਾ ਮਿਲਣ ਕਾਰਨ ਪੰਜਾਬ ਸਰਕਾਰ ਨੂੰ ਮਜਬੂਰ ਹੋ ਕੇ ਸੁਪਰੀਮ ਕੋਰਟ ਜਾਣਾ ਪਿਆ।
ਇਹ ਵੀ ਪੜ੍ਹੋ : ਸਰਕਾਰ ਨੇ ਟੈੱਕ ਕੰਪਨੀਆਂ ਨੂੰ ਦਿੱਤੀ ਰਾਹਤ, ਬਿਨਾਂ ਲਾਇਸੈਂਸ ਦੇ ਇਕ ਹੋਰ ਸਾਲ ਦਰਾਮਦ ਕਰ ਸਕਣਗੇ ਕੰਪਿਊਟਰ, ਲੈਪਟਾਪ
ਚੀਮਾ ਨੇ ਕਿਹਾ ਕਿ ਸਾਨੂੰ ਤਾਂ ਬਜਟ ਸੈਸ਼ਨ ਬੁਲਾਉਣ ਲਈ ਵੀ ਸੁਪਰੀਮ ਕੋਰਟ ਜਾਣਾ ਪਿਆ ਸੀ। ਉਨ੍ਹਾਂ ਨੇ ਰਾਜਪਾਲ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਈ ਸਾਲ ਤੋਂ ਆਰਡੀਐੱਫ ਦਾ ਪੈਸਾ ਨਾ ਮਿਲਣ ਕਾਰਨ ਪੰਜਾਬ ਦੇ ਦਿਹਾਤੀ ਇਲਾਕਿਆਂ ਦੇ ਵਿਕਾਸ ਕੰਮਾਂ ਵਿਚ ਰੁਕਾਵਟ ਆ ਰਹੀ ਹੈ। ਜੇਕਰ ਰਾਜਪਾਲ ਨੂੰ ਸੱਚਮੁੱਚ ਸੂਬੇ ਦੀ ਚਿੰਤਾ ਹੈ ਤਾਂ ਉਹ ਪੰਜਾਬ ਦੇ ਰਾਜਪਾਲ ਹੋਣ ਦਾ ਆਪਣਾ ਫਰਜ਼ਨਿਭਾਉਣ ਤੇ ਕੇਂਦਰ ਨਾਲ ਗੱਲ ਕਰਕੇ RDF ਦੀ ਲਗਭਗ 5000 ਕਰੋੜ ਰੁਪਏ ਦੀ ਬਕਾਇਆ ਰਕਮ ਦਿਵਾਉਣ ਵਿਚ ਪੰਜਾਬ ਸਰਕਾਰ ਦੀ ਮਦਦ ਕਰਨ।
ਵੀਡੀਓ ਲਈ ਕਲਿੱਕ ਕਰੋ -: