ਖੰਨਾ ਦੇ ਪਿੰਡ ਘੁਡਾਣੀ ਕਲਾਂ ਨੇੜੇ ਸੜਕ ਹਾਦਸੇ ਵਿੱਚ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਦੋਵੇਂ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਗੁਰਦੁਆਰਾ ਰਾੜਾ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਰਸਤੇ ਵਿੱਚ ਇੱਕ ਸਕਾਰਪੀਓ ਕਾਰ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਪਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਨੇ ਲੁਧਿਆਣਾ ਡੀ.ਐਮ.ਸੀ. ਵਿਚ ਦਮ ਤੋੜਿਆ। ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਕੈਂਥ (60) ਅਤੇ ਰਾਜਵਿੰਦਰ ਕੌਰ ਵਾਸੀ ਬੀਜਾ ਵਜੋਂ ਹੋਈ ਹੈ।
ਐਤਵਾਰ ਸਵੇਰੇ ਕਰੀਬ 10.30 ਵਜੇ ਪਿੰਡ ਬੀਜਾ ਦਾ ਰਹਿਣ ਵਾਲੇ 60 ਸਾਲਾ ਜਰਨੈਲ ਸਿੰਘ ਤੇ ਪਤਨੀ ਰਾਜਵਿੰਦਰ ਕੌਰ ਆਪਣੀ ਐਕਟਿਵਾ ‘ਤੇ ਘਰੋਂ ਨਿਕਲਿਆ। ਉਨ੍ਹਾਂ ਨੇ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਵਿਖੇ ਮੱਥਾ ਟੇਕਣਾ ਸੀ। ਘੁਡਾਣੀ ਕਲਾਂ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਕਾਰਪੀਓ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਤੇਜ਼ ਰਫਤਾਰ ਹੋਣ ਕਾਰਨ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰ ਚਲਾ ਰਹੇ ਜਰਨੈਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਜਵਿੰਦਰ ਕੌਰ ਨੂੰ ਜ਼ਖ਼ਮੀ ਹਾਲਤ ਵਿੱਚ ਪਹਿਲਾਂ ਰਾੜਾ ਸਾਹਿਬ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਉਥੋਂ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਡੀਐਮਸੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜਰਨੈਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਬੀਜਾ ਦੇ ਸਮਰਾਲਾ ਰੋਡ ‘ਤੇ ਕੱਪੜੇ ਸਿਲਾਈ ਕਰਨ ਦਾ ਕੰਮ ਕਰਦਾ ਸੀ। ਉਸ ਦਾ ਲੜਕਾ ਗੁਰਸੇਵਕ ਸਿੰਘ ਕਰੀਬ ਛੇ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਉਸ ਦੀਆਂ ਦੋ ਧੀਆਂ ਵਿਆਹੀਆਂ ਹੋਈਆਂ ਹਨ। ਸਵੇਰੇ ਬੇਟੇ ਨੇ ਫ਼ੋਨ ‘ਤੇ ਆਪਣੇ ਮਾਪਿਆਂ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ, ਜਿਸ ਤੋਂ ਬਾਅਦ ਗੁਰਸੇਵਕ ਸੌਂ ਗਿਆ ਅਤੇ ਜਰਨੈਲ ਸਿੰਘ ਆਪਣੀ ਪਤਨੀ ਸਮੇਤ ਐਕਟਿਵਾ ‘ਤੇ ਸਵਾਰ ਹੋ ਕੇ ਨਿਕਲ ਗਿਆ। ਇਹ ਉਸ ਦੀ ਆਪਣੇ ਪੁੱਤਰ ਨਾਲ ਆਖਰੀ ਗੱਲਬਾਤ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ‘ਚ ਰਖਵਾ ਦਿੱਤਾ ਗਿਆ ਹੈ। ਬੇਟੇ ਦੇ ਕੈਨੇਡਾ ਤੋਂ ਆਉਣ ‘ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਨਕੋਦਰ ਮੱਥਾ ਟੇਕਣ ਆਈ ਕੁੜੀ ਨਾਲ ਸ਼ਰ/ਮਨਾ/ਕ ਕਾ.ਰਾ! ਪੁਲਿਸ ਨੇ 8 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ
ਇਸ ਹਾਦਸੇ ਸਬੰਧੀ ਥਾਣਾ ਪਾਇਲ ਵਿੱਚ ਸਕਾਰਪੀਓ ਚਾਲਕ ਸੰਦੀਪ ਸਿੰਘ ਵਾਸੀ ਲੰਮੇ ਜੱਟਪੁਰਾ (ਜਗਰਾਉਂ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਐਸਐਚਓ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਦੋਸ਼ੀ ਫ਼ਰਾਰ ਹੈ, ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: