ਫ਼ਿਰੋਜ਼ਪੁਰ ਸ਼ਹਿਰ ਦੇ ਮਾਲ ਰੋਡ ‘ਤੇ ਸਥਿਤ ਆਈ.ਸੀ.ਆਈ.ਸੀ.ਆਈ ਬੈਂਕ ‘ਚੋਂ ਅਣਪਛਾਤੇ ਵਿਅਕਤੀਆਂ ਨੇ ਬੈਂਕ ਦੇ ਸਾਫ਼ਟਵੇਅਰ ਰਾਹੀਂ ਕਰੋੜਾਂ ਰੁਪਏ ਚੋਰੀ ਕਰ ਲਏ। ਇਸ ਘਟਨਾ ਸਬੰਧੀ ਬੈਂਕ ਅਧਿਕਾਰੀਆਂ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਆਈਪੀਸੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਉਪਰੋਕਤ ਜਾਣਕਾਰੀ ਦਿੰਦਿਆਂ ਐਸ.ਪੀ ਇਨਵੈਸਟੀਗੇਸ਼ਨ ਫ਼ਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਆਈ.ਸੀ.ਆਈ.ਸੀ.ਆਈ ਬੈਂਕ ਦੇ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਆਈ.ਸੀ.ਆਈ.ਸੀ.ਆਈ ਬੈਂਕ ਲਿਮਟਿਡ ਫ਼ਿਰੋਜ਼ਪੁਰ ਸ਼ਹਿਰ ਵਿੱਚੋਂ ਬੈਂਕ ਦੇ ਸਾਫਟਵੇਅਰ ਰਾਹੀਂ 15 ਕਰੋੜ 47 ਲੱਖ 46 ਹਜ਼ਾਰ 177 ਰੁਪਏ ਚੋਰੀ ਕਰ ਲਏ।
ਇਹ ਵੀ ਪੜ੍ਹੋ : IAS ਸੰਜੇ ਪੋਪਲੀ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, 16 ਮਹੀਨਿਆਂ ਮਗਰੋਂ ਆਉਣਗੇ ਜੇਲ੍ਹ ਤੋਂ ਬਾਹਰ
ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਪੁਲਿਸ ਨੂੰ ਇਹ ਸ਼ਿਕਾਇਤ ਮੁਹਾਲੀ ਤੋਂ ਮਿਲੀ ਸੀ ਅਤੇ ਜਾਂਚ ਤੋਂ ਬਾਅਦ ਫ਼ਿਰੋਜ਼ਪੁਰ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਾਫਟਵੇਅਰ ਰਾਹੀਂ ਬੈਂਕ ‘ਚੋਂ ਕਰੋੜਾਂ ਰੁਪਏ ਦੀ ਚੋਰੀ ਕਰਨ ਵਾਲੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਇੱਕ ਸੀਨੀਅਰ ਅਧਿਕਾਰੀ ਨੂੰ ਆਨਲਾਈਨ ਡੇਟਿੰਗ ਐਪ ਰਾਹੀਂ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ ਸੀ। ਅਧਿਕਾਰੀ ਨੇ ਡੇਟਿੰਗ ਐਪ ਰਾਹੀਂ ਇਕ ਲੜਕੀ ਨਾਲ ਦੋਸਤੀ ਕੀਤੀ, ਗੱਲਬਾਤ ਦੌਰਾਨ ਲੜਕੀ ਨੇ ਸੇਵਾਮੁਕਤ ਸਿਪਾਹੀ ਤੋਂ 20 ਲੱਖ ਰੁਪਏ ਮੰਗੇ। ਪੈਸੇ ਲੈਣ ਤੋਂ ਬਾਅਦ ਲੜਕੀ ਦਾ ਨੰਬਰ ਬੰਦ ਹੋਣ ਲੱਗਾ। ਡੇਟਿੰਗ ਐਪ ‘ਚ ਖੁਦ ਨੂੰ ਫਸਦਾ ਦੇਖ ਕੇ ਸੇਵਾਮੁਕਤ ਸਿਪਾਹੀ ਨੇ ਨਜ਼ਦੀਕੀ ਥਾਣੇ ‘ਚ ਮਾਮਲਾ ਦਰਜ ਕਰਵਾਇਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: