ਰੋਪੜ ਦੇ ਵਕੀਲ ਅੰਕੁਰ ਵਰਮਾ, ਉਸ ਦੀ ਪਤਨੀ ਅਤੇ ਪੁੱਤਰ ਵੱਲੋਂ ਲੈਕਚਰਾਰ ਮਾਂ ਦੀ ਕੁੱਟਮਾਰ ਦੀ ਘਟਨਾ ਅਤਿ ਨਿੰਦਣਯੋਗ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਕੇ ਜਲਦੀ ਤੋਂ ਜਲਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਰੋਪੜ ਨੂੰ ਹਦਾਇਤਾਂ ਦਿੱਤੀਆਂ ਕਿ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਧਾਰਾ 327, 342, 344, 355 ਆਈ.ਪੀ.ਸੀ ਅਤੇ ਧਾਰਾ 6 ਮੇਨਟੇਨੈਂਸ ਆਫ਼ ਪੇਰੈਂਟਸ ਐਂਡ ਵੈਲਫੇਅਰ ਆਫ਼ ਸੀਨੀਅਰ ਸਿਟੀਜ਼ਨਜ਼ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਸ ਤੋਂ ਬਾਅਦ ਉਸ ਨਾਲ ਕੁੱਟਮਾਰ ਕਰਨ ਵਾਲੇ ਵਕੀਲ ਅੰਕੁਰ ਵਰਮਾ ਦੇ ਖਿਲਾਫ ਐੱਫਆਈਆਰ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਰੋਪੜ ਵਿੱਚ ਇੱਕ ਵਕੀਲ ਦੇ ਪੁੱਤਰ ਵੱਲੋਂ ਸਖੀ ਵਨ ਸਟਾਪ ਸੈਂਟਰ ਰਾਹੀਂ ਲੈਕਚਰਾਰ ਦੀ ਮਾਂ ਨਾਲ ਕੁੱਟਮਾਰ ਕਰਨ ਦੀ ਸੂਚਨਾ ਮਿਲੀ ਸੀ। ਰਾਜ ਦੇ ਸਖੀ ਵਨ ਸਟਾਪ ਸੈਂਟਰਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਮੁਫ਼ਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਮੰਤਰੀ ਨੇ ਕਿਹਾ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੱਭਿਅਕ ਸਮਾਜ ਵਿੱਚ ਬਜ਼ੁਰਗਾਂ ਵਿੱਚ ਡਰ ਦੀ ਭਾਵਨਾ ਪੈਦਾ ਕਰ ਰਿਹਾ ਹੈ ਅਤੇ ਸਮਾਜ ਵਿੱਚ ਬਜ਼ੁਰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਵੱਡੀ ਵਾਰਦਾਤ, ਦਿਨ-ਦਿਹਾੜੇ ਦੁਕਾਨ ਦੇ ਬਾਹਰ ਬੈਠੇ ਵਪਾਰੀ ਨੂੰ ਗੋ.ਲੀਆਂ ਨਾਲ ਭੁੰਨਿਆ
ਡਾ. ਬਲਜੀਤ ਕੌਰ ਨੇ ਕਿਹਾ ਕਿ ਰੋਪੜ ‘ਚ ਵਾਪਰੀ ਇਸ ਘਟਨਾ ਦੇ ਵਿਰੋਧ ‘ਚ ਉਹ ਸ਼ਹਿਰ ‘ਚ ਜਾਗਰੂਕਤਾ ਮਾਰਚ ਕੱਢਣਗੇ ਤਾਂ ਜੋ ਲੋਕਾਂ ਨੂੰ ਬਜ਼ੁਰਗਾਂ ਪ੍ਰਤੀ ਸਹੀ ਰਵੱਈਆ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਸਮਾਜਿਕ ਰਿਸ਼ਤੇ ਵਿਗੜ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: