ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਜ਼ਿਲ੍ਹੇ ‘ਚ ਐਤਵਾਰ ਸ਼ਾਮ ਕਰੀਬ 7 ਵਜੇ ਦੋ ਯਾਤਰੀ ਟਰੇਨਾਂ ਵਿਚਾਲੇ ਹੋਈ ਟੱਕਰ ਹੋ ਗਈ। ਇਸ ‘ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 29 ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਵਿਸ਼ਾਖਾਪਟਨਮ-ਰਯਾਗੜਾ ਪੈਸੇਂਜਰ ਸਪੈਸ਼ਲ ਟਰੇਨ ਨੇ ਵਿਸ਼ਾਖਾਪਟਨਮ-ਪਲਾਸਾ ਪੈਸੇਂਜਰ ਐਕਸਪ੍ਰੈੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ। ਇਹ ਟੱਕਰ ਕਾਂਤਾਕਾਪੱਲੇ ਅਤੇ ਅਲਮਾਂਡਾ ਰੇਲਵੇ ਸਟੇਸ਼ਨਾਂ ਵਿਚਕਾਰ ਹੋਈ। ਰੇਲ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪਿੱਛੇ ਤੋਂ ਟਕਰਾਉਣ ਵਾਲੀ ਟਰੇਨ ਦਾ ਡਰਾਈਵਰ ਸਿਗਨਲ ਤੋਂ ਖੁੰਝ ਗਿਆ ਸੀ। ਰਿਪੋਰਟ ਮੁਤਾਬਕ ਇੱਕ ਅਧਿਕਾਰੀ ਨੇ ਕਿਹਾ ਕਿ ‘ਡਰਾਈਵਰ ਨੇ ਲਾਲ ਸਿਗਨਲ ਪਾਰ ਕੀਤਾ… ਇਹ ਪਿੱਛੇ ਤੋਂ ਟੱਕਰ ਸੀ। ਸਾਹਮਣੇ ਲੋਕਲ ਟਰੇਨ ਬਹੁਤ ਹੌਲੀ ਸੀ, ਲਗਭਗ ਰੇਂਗ ਰਹੀ ਸੀ।
ਇਸ ਹਾਦਸੇ ਤੋਂ ਬਾਅਦ ਈਸਟ ਕੋਸਟ ਰੇਲਵੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਡੀਆਰਐਮ/ਵਾਲਟੇਅਰ (ਡਿਵੀਜ਼ਨਲ ਰੇਲਵੇ ਮੈਨੇਜਰ, ਵਾਲਟੇਅਰ ਡਿਵੀਜ਼ਨ) ਅਤੇ ਉਨ੍ਹਾਂ ਦੀ ਟੀਮ ਨਾਲ ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ। ਸਥਾਨਕ ਪ੍ਰਸ਼ਾਸਨ ਵੀ ਬਚਾਅ ਕਾਰਜ ਵਿੱਚ ਮਦਦ ਕਰ ਰਿਹਾ ਹੈ। ਦੁਰਘਟਨਾ ਰਾਹਤ ਰੇਲ ਗੱਡੀਆਂ ਅਤੇ ਹੋਰ ਬਚਾਅ ਉਪਕਰਣ ਕੰਮ ਵਿਚ ਹਨ। ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਸ ਹਾਦਸੇ ਕਾਰਨ ਚੇਨਈ-ਹਾਵੜਾ ਰੇਲ ਮਾਰਗ ‘ਤੇ ਰੇਲ ਸੇਵਾਵਾਂ ਠੱਪ ਹੋ ਗਈਆਂ। ਇਸ ਰੂਟ ‘ਤੇ ਕਈ ਟਰੇਨਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਮੋੜ ਦਿੱਤਾ ਗਿਆ।
ਟਵਿੱਟਰ ‘ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਗੱਲ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਹੈ।” ਰੇਲਵੇ ਦੇ ਇਕ ਅਧਿਕਾਰੀ ਮੁਤਾਬਕ ਰੇਲਵੇ ਨੇ ਐਕਸ-ਗ੍ਰੇਸ਼ੀਆ ਰਾਸ਼ੀ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਅਤੇ ਜ਼ਖਮੀਆਂ ਨੂੰ 5 ਲੱਖ ਰੁਪਏ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ, 20 ਟਨ ਫੁੱਲਾਂ ਨਾਲ ਸਜਿਆ ਸ੍ਰੀ ਦਰਬਾਰ ਸਾਹਿਬ, ਵੇਖੋ ਅਲੌਕਿਕ ਨਜ਼ਾਰਾ
ਪੀਐਮਓ ਨੇ ਟਵਿੱਟਰ ‘ਤੇ ਕਿਹਾ ਕਿ ਪੀਐਮ ਮੋਦੀ ਨੇ ਹਰੇਕ ਮ੍ਰਿਤਕ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਅਤੇ ਹਰੇਕ ਜ਼ਖਮੀ ਲਈ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਇਸ ਰੇਲ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਰਾਹਤ ਉਪਾਅ ਤੇਜ਼ ਕਰਨ ਦੇ ਆਦੇਸ਼ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: