ਪੰਜਾਬ ਤੇ ਹਰਿਆਣਾ ਦੇ ਕਿਸਾਨ ਅੱਜ 11 ਵਜੇ ਦਿੱਲੀ ਕੂਚ ਕਰਨਗੇ। ਇਸ ਦੇ ਲਈ ਕਿਸਾਨਾਂ ਨੂੰ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਵੱਡੀ ਗਿਣਤੀ ਵਿੱਚ ਕਿਸਾਨ ਬਾਰਡਰਾਂ ‘ਤੇ ਇਕੱਠੇ ਹੋ ਰਹੇ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਸਾਨੂੰ ਮਾਰ ਸਕਦੇ ਹੋ, ਪਰ ਮਿਹਰਬਾਨੀ ਕਰਕੇ ਕਿਸਾਨਾਂ ‘ਤੇ ਜ਼ੁਲਮ ਨਾ ਕਰੋ। ਅਸੀਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੋਰਚੇ ਦੇ ਸ਼ਾਂਤੀਪੂਰਵਕ ਹੱਲ ਲਈ ਉਹ ਅੱਗੇ ਆਉਣ ਅਤੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਇੱਕ ਕਾਨੂੰਨ ਬਣਾਉਣ ਦਾ ਐਲਾਨ ਕਰਕੇ ਇਸ ਵਿਰੋਧ ਨੂੰ ਖਤਮ ਕਰਨ।
ਕਿਸਾਨ ਆਗੂਆਂ ਨੇ ਸ਼ੰਭੂ ਬਾਰਡਰ ‘ਤੇ ਪ੍ਰੈੱਸ ਕਾਨਫਰੰਸ ਤੇ ਨੌਜਵਾਨਾਂ ਨੂੰ ਸਬਰ ਨਾਲ ਕੰਮ ਲੈਣ ਦੀ ਅਪੀਲ ਕੀਤੀ। ਅੱਜ ਦੇ ‘ਦਿੱਲੀ ਚਲੋ’ ਮਾਰਚ ਬਾਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, ‘ਅਸੀਂ ਪੂਰੀ ਕੋਸ਼ਿਸ਼ ਕੀਤੀ। ਅਸੀਂ ਮੀਟਿੰਗਾਂ ਵਿਚ ਸ਼ਾਮਲ ਹੋਏ, ਹਰ ਨੁਕਤੇ ‘ਤੇ ਚਰਚਾ ਹੋਈ ਅਤੇ ਹੁਣ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ। ਅਸੀਂ ਸ਼ਾਂਤ ਰਹਾਂਗੇ। ਪ੍ਰਧਾਨ ਮੰਤਰੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ। 1.5-2 ਲੱਖ ਕਰੋੜ ਰੁਪਏ ਕੋਈ ਬਹੁਤ ਵੱਡੀ ਰਕਮ ਨਹੀਂ ਹੈ… ਇਨ੍ਹਾਂ ਰੁਕਾਵਟਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਨੂੰ ਦਿੱਲੀ ਵੱਲ ਮਾਰਚ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।’
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, “ਸਾਡਾ ਕੋਈ ਵੀ ਅਰਾਜਕਤਾ ਪੈਦਾ ਕਰਨ ਦਾ ਇਰਾਦਾ ਨਹੀਂ ਹੈ… ਅਸੀਂ 7 ਨਵੰਬਰ ਤੋਂ ਦਿੱਲੀ ਜਾਣ ਦੀ ਯੋਜਨਾ ਬਣਾਈ ਹੈ। ਜੇਕਰ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਨੂੰ ਲੋੜੀਂਦਾ ਸਮਾਂ ਨਹੀਂ ਮਿਲਿਆ ਤਾਂ ਇਸ ਦਾ ਮਤਲਬ ਹੈ ਕਿ ਸਰਕਾਰ ਸਾਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ‘ਸ਼ਾਂਤੀ ਬਣਾਈ ਰੱਖੋ, ਮਿਲ ਕੇ ਹੱਲ ਲੱਭਣਾ ਚਾਹੀਦਾ’- ਕੇਂਦਰੀ ਮੰਤਰੀ ਅਰਜੁਨ ਮੁੰਡਾ ਦੀ ਕਿਸਾਨਾਂ ਨੂੰ ਅਪੀਲ
ਉਨ੍ਹਾਂ ਕਿਹਾ ਕਿ ਇਹ ਠੀਕ ਨਹੀਂ ਹੈ ਕਿ ਸਾਨੂੰ ਰੋਕਣ ਲਈ ਇੰਨੇ ਵੱਡੇ ਬੈਰੀਕੇਡ ਲਗਾਏ ਗਏ ਹਨ। ਅਸੀਂ ਸ਼ਾਂਤੀ ਨਾਲ ਦਿੱਲੀ ਜਾਣਾ ਚਾਹੁੰਦੇ ਹਾਂ, ਸਰਕਾਰ ਬੈਰੀਕੇਡ ਹਟਾ ਕੇ ਸਾਨੂੰ ਅੰਦਰ ਆਉਣ ਦੇਵੇ, ਨਹੀਂ ਤਾਂ ਸਾਡੀਆਂ ਮੰਗਾਂ ਮੰਨ ਲਓ। ਅਸੀਂ ਸ਼ਾਂਤ ਹਾਂ, ਜੇਕਰ ਉਹ ਹੱਥ ਵਧਾਉਂਦੇ ਹਨ ਤਾਂ ਅਸੀਂ ਵੀ ਸਹਿਯੋਗ ਦੇਵਾਂਗੇ। ਸਾਨੂੰ ਸਬਰ ਨਾਲ ਹਾਲਾਤ ਨੂੰ ਸੰਭਾਲਣਾ ਹੋਵੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿ ਉਹ ਆਪਾ ਨਾ ਗੁਆਉਣ।