ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਤੋਂ ਦੋ ਦਿਨਾਂ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਦੌਰਾ ਕਰਨਗੇ। ਜਿਸ ਦੌਰਾਨ ਉਹ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕਰਨਗੇ ਅਤੇ ਆਬੂ ਧਾਬੀ ‘ਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ। ਇਸ ਦੌਰੇ ਦਾ ਐਲਾਨ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ 2015 ਤੋਂ ਬਾਅਦ ਯੂਏਈ ਦੀ ਇਹ ਸੱਤਵੀਂ ਯਾਤਰਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਅਤੇ ਅਲ ਨਾਹਯਾਨ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ, ਵਧਾਉਣ ਅਤੇ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕਰਨਗੇ ਅਤੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੰਯੁਕਤ ਅਰਬ ਅਮੀਰਾਤ ਦੇ ਉਪਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਦੁਬਈ ਵਿੱਚ ਆਯੋਜਿਤ ਹੋਣ ਵਾਲੇ ਵਰਲਡ ਗਵਰਨਮੈਂਟ ਸਮਿਟ 2024 ਵਿੱਚ ਸਨਮਾਨਤ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਸਿਖਰ ਸੰਮੇਲਨ ਵਿੱਚ ਇੱਕ ਵਿਸ਼ੇਸ਼ ਸੰਬੋਧਨ ਦੇਣਗੇ। ਮੰਤਰਾਲਾ ਨੇ ਬਿਆਨ ਵਿੱਚ ਕਿਹਾ ਕਿ ਪੀ.ਐੱਮ. ਮੋਦੀ ਅਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ BAPS ਮੰਦਰ ਦਾ ਉਦਘਾਟਨ ਵੀ ਕਰਨਗੇ, ਨਾਲ ਹੀ ਉਹ ਜਾਇਦ ਸਪੋਰਟਸ ਸਿਟੀ ਵਿੱਚ ਇੱਕ ਪ੍ਰੋਗਰਾਮ ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ : ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਇੰਟਰਨੈੱਟ ਬੰਦ, ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਲਿਆ ਫੈਸਲਾ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ‘ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਮਜ਼ਬੂਤ ਸਿਆਸੀ, ਸੱਭਿਆਚਾਰਕ ਅਤੇ ਆਰਥਿਕ ਸਬੰਧਾਂ ’ਤੇ ਆਧਾਰਿਤ ਨਿੱਘੇ, ਨਜ਼ਦੀਕੀ ਅਤੇ ਬਹੁ-ਆਯਾਮੀ ਸਬੰਧਾਂ ਦਾ ਆਨੰਦ ਮਾਣਦੇ ਹਨ।’ ਅਗਸਤ 2015 ਵਿੱਚ ਮੋਦੀ ਦੀ ਯੂਏਈ ਦੀ ਇਤਿਹਾਸਕ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਵਿਆਪਕ ਰਣਨੀਤੀ ਸਾਝੇਦਾਰੀ ਤੱਕ ਵਧਾਇਆ ਗਿਆ। ਦੋਵੇਂ ਦੇਸ਼ ਫਰਵਰੀ 2022 ਵਿੱਚ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (CEPA) ਅਤੇ ਜੁਲਾਈ 2023 ਵਿੱਚ ਇੱਕ ਸਥਾਨਕ ਮੁਦਰਾ ਨਿਪਟਾਰਾ (LCS) ਪ੍ਰਣਾਲੀ ‘ਤੇ ਹਸਤਾਖਰ ਕੀਤੇ ਤਾਂ ਜੋ ਸਰਹੱਦ ਪਾਰ ਲੈਣ-ਦੇਣ ਲਈ ਭਾਰਤੀ ਰੁਪਏ ਅਤੇ AED (ਸੰਯੁਕਤ ਅਰਬ ਅਮੀਰਾਤ ਦਿਰਹਾਮ) ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ –