ਪੰਜਾਬ ਵਿੱਚ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਮਿਲਣ ਦੇ ਬਾਵਜੂਦ ਵੀ ਬਿਜਲੀ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸ ਦੇ ਮੱਦੇਨਜ਼ਰ ਪੰਜਾਬ ਪਾਵਰਕਾਮ ਵੱਲੋਂ ਸਟੌਰਮ ਥੈਫਟ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਜਲੰਧਰ ਸਰਕਲ ਦੀਆਂ 5 ਡਿਵੀਜ਼ਨਾਂ ਵਿੱਚ 17 ਟੀਮਾਂ ਦਾ ਗਠਨ ਕੀਤਾ ਗਿਆ ਹੈ। ਟੀਮਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਜਾਂਚ ਕਰਨਗੀਆਂ ਅਤੇ ਸ਼ਾਮ ਨੂੰ ਰਿਪੋਰਟ ਤਿਆਰ ਕਰਕੇ ਆਪਣੇ ਅਧਿਕਾਰੀਆਂ ਨਾਲ ਸਾਂਝੀਆਂ ਕਰਨਗੀਆਂ।
ਪਾਵਰਕੌਮ ਦੇ ਮੁੱਖ ਇੰਜਨੀਅਰ ਆਰ.ਐਲ.ਸਾਰੰਗਲ ਦੇ ਹੁਕਮਾਂ ’ਤੇ ਇਹ ਟੀਮਾਂ ਸਵੇਰੇ ਤੜਕੇ ਜਾਂਚ ਸ਼ੁਰੂ ਕਰ ਦੇਣਗੀਆਂ। ਇਸ ਤਹਿਤ 3 ਤੋਂ 4 ਦਿਨਾਂ ਵਿੱਚ 40 ਤੋਂ ਵੱਧ ਘਰਾਂ ਵਿੱਚ ਬਿਜਲੀ ਚੋਰੀ ਫੜੀ ਗਈ। ਜਲੰਧਰ ਵਿੱਚ ਸਭ ਤੋਂ ਵੱਧ ਕੇਸ ਅਰਜੁਨ ਨਗਰ, ਅੰਬਿਕਾ ਕਲੋਨੀ, ਗੋਬਿੰਦ ਮੁਹੱਲਾ, ਉਦੇਨਗਰ, ਕਾਦੀਆਂ, ਫੋਲਦੀਵਾਲ, ਤਿਲਕ ਨਗਰ, ਪੰਨੂੰ ਵਿਹਾਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਲੀ ਮੁਹੱਲਾ, ਚਰਚ ਕਲੋਨੀ, ਥਿੰਦ ਐਨਕਲੇਵ, ਅਵਤਾਰ ਨਗਰ ਅਤੇ ਹੋਰਨਾਂ ਇਲਾਕਿਆਂ ਵਿੱਚ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਿਜਲੀ ਚੋਰੀ ਦੀ ਸੂਚਨਾ ਮਿਲਦੇ ਹੀ ਸ਼ਿਕਾਇਤ ਕਰਨ।
ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਦਿੱਤੀ ਜਾਂਦੀ ਮੁਫਤ ਬਿਜਲੀ ਦੀ ਵੀ ਦੁਰਵਰਤੋਂ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਖਪਤਕਾਰਾਂ ਖ਼ਿਲਾਫ਼ ਯੂਈਈ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਬਿਜਲੀ ਚੋਰੀ ਵਿੱਚ ਕਿਹੜੇ-ਕਿਹੜੇ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਕਈ ਥਾਵਾਂ ’ਤੇ ਲੋਕਾਂ ਨੇ ਘੱਟ ਲੋਡ ਵਾਲੇ ਮੀਟਰ ਲਾਏ ਹੋਏ ਹਨ। ਪਰ ਉਨ੍ਹਾਂ ਦੇ ਘਰਾਂ ਵਿੱਚ ਜ਼ਿਆਦਾ ਲੋਡ ਪਾਇਆ ਜਾ ਰਿਹਾ ਹੈ। ਅਧਿਕਾਰੀ ਇਹ ਵੀ ਜਾਂਚ ਕਰਨਗੇ ਕਿ ਕਿੰਨੇ ਘਰਾਂ ਵਿੱਚ ਅਜਿਹੇ ਮੀਟਰ ਲਗਾਏ ਗਏ ਹਨ ਜੋ ਆਪਣੇ ਲੋਡ ਤੋਂ ਵੱਧ ਬਿਜਲੀ ਦੀ ਖਪਤ ਕਰ ਰਹੇ ਹਨ।
ਇਹ ਵੀ ਪੜ੍ਹੋ :
ਦੱਸ ਦਈਏ ਕਿ ਪਿਛਲੇ ਦਿਨੀਂ ਬਿਜਲੀ ਵਿਭਾਗ ਵੱਲੋਂ ਅਜਿਹੇ ਕਈ ਮਾਮਲੇ ਫੜੇ ਗਏ ਸਨ। ਅਧਿਕਾਰੀਆਂ ਮੁਤਾਬਕ ਅਜਿਹੀ ਸਥਿਤੀ ਵਿੱਚ ਪਾਵਰਕੌਮ ਨੂੰ ਇਲਾਕੇ ਦਾ ਲੋਡ ਨਿਰਧਾਰਤ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਕਈ ਵਾਰ ਟਰਾਂਸਫਾਰਮਰ ਵੀ ਖਰਾਬ ਹੋ ਜਾਂਦੇ ਹਨ। ਇਸ ਨਾਲ ਪਾਵਰਕੌਮ ਨੂੰ ਭਾਰੀ ਨੁਕਸਾਨ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ : –