ਪੰਜਾਬ ਪੁਲਿਸ ਆਪਣੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਯਕੀਨੀ ਬਣਾਉਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ ਕਿ ਸੜਕ ‘ਤੇ ਯਾਤਰਾ ਕਰਦੇ ਸਮੇਂ ਕੋਈ ਅਪਰਾਧੀ ਉਨ੍ਹਾਂ ਨੂੰ ਨਿਸ਼ਾਨਾ ਨਾ ਬਣਾ ਸਕਣ। ਇਸ ਸੰਦਰਭ ‘ਚ ਹੁਣ ਕੁਝ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਬੁਲੇਟਪਰੂਫ ਬਣਾ ਕੇ ਸੁਰੱਖਿਆ ਕਵਰ ਦਿੱਤਾ ਜਾਵੇਗਾ। ਪੁਲਿਸ ਨੇ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਫੜੇ ਗਏ ਗੈਂਗਸਟਰਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਸੀਨੀਅਰ ਪੁਲਿਸ ਅਧਿਕਾਰੀ ਉਨ੍ਹਾਂ ਦੇ ਨਿਸ਼ਾਨੇ ‘ਤੇ ਸਨ। ਇਸ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ।
ਪਿਛਲੇ ਡੇਢ ਸਾਲ ਵਿੱਚ ਪੰਜਾਬ ਪੁਲਿਸ ਗੈਂਗਸਟਰਾਂ ਅਤੇ ਅੱਤਵਾਦੀਆਂ ਖਿਲਾਫ ਸਖਤ ਹੋ ਗਈ ਹੈ। ਲਗਾਤਾਰ ਅਪਰੇਸ਼ਨ ਚਲਾ ਕੇ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦਾ ਲੱਕ ਤੋੜਿਆ ਜਾ ਰਿਹਾ ਹੈ। ਅਜਿਹੇ ‘ਚ ਹੁਣ ਇਹ ਅਪਰਾਧੀ ਪੁਲਿਸ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਸਾਲ ਉਨ੍ਹਾਂ ਨੇ ਪਹਿਲਾਂ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਰਟਰ ਅਤੇ ਫਿਰ ਤਰਨਤਾਰਨ ਦੇ ਸਰਹਾਲੀ ਥਾਣੇ ’ਤੇ ਆਰਪੀਜੀ ਹਮਲੇ ਕਰਕੇ ਦਹਿਸ਼ਤ ਫੈਲਾਈ ਸੀ।
ਇਹ ਵੀ ਪੜ੍ਹੋ : BJP ਦਾ ਵੱਡਾ ਐਕਸ਼ਨ, ਗੁਰੂਘਰਾਂ ਖਿਲਾਫ ਬੋਲਣ ਵਾਲੇ ਆਪਣੇ ਲੀਡਰ ਨੂੰ ਪਾਰਟੀ ‘ਚੋਂ ਕੱਢਿਆ ਬਾਹਰ
ਹਾਲਾਂਕਿ ਇਨ੍ਹਾਂ ਹਮਲਿਆਂ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਤੋਂ ਬਾਅਦ ਪੁਲਿਸ ਨਾਲ ਸਬੰਧਤ ਸੰਸਥਾਵਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਗਿਆ। ਇਸ ਦੌਰਾਨ ਕੁਝ ਸਮਾਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਅਤੇ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਦੇ ਕੁਝ ਅਧਿਕਾਰੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਇਸ ਤੋਂ ਬਾਅਦ ਅਧਿਕਾਰੀਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਪੁਲਿਸ ਇਸ ਕਾਰਵਾਈ ਨੂੰ ਜਲਦ ਪੂਰਾ ਕਰ ਲਵੇਗੀ। ਇਸ ਤੋਂ ਪਹਿਲਾਂ ਪੁਲਿਸ ਨੇ ਫਰੰਟ ਲਾਈਨ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਏ.ਕੇ.-56 ਅਤੇ ਬੁਲੇਟਪਰੂਫ਼ ਜੈਕਟਾਂ ਮੁਹੱਈਆ ਕਰਵਾਈਆਂ ਸਨ ਤਾਂ ਜੋ ਕੋਈ ਵੀ ਉਨ੍ਹਾਂ ‘ਤੇ ਹਮਲਾ ਨਾ ਕਰ ਸਕੇ। ਇਸ ਤੋਂ ਪਹਿਲਾਂ ਸਾਰੇ ਥਾਣਿਆਂ ਅਤੇ ਪੁਲਿਸ ਅਦਾਰਿਆਂ ਦੀ ਚਾਰਦੀਵਾਰੀ ਵੀ ਉੱਚੀ ਕੀਤੀ ਜਾ ਚੁੱਕੀ ਹੈ।