ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ ਸੂਬੇ ਦੇ ਕਰੀਬ 19,109 ਸਰਕਾਰੀ ਸਕੂਲਾਂ ਵਿੱਚ ਮੈਗਾ ਪੇਰੈਂਟਸ-ਟੀਚਰਜ਼ ਮੀਟਿੰਗ (ਪੀ.ਟੀ.ਐਮ.) ਕਰਵਾਈ ਗਈ। ਸਵੇਰੇ 10 ਵਜੇ ਸ਼ੁਰੂ ਹੋਈ ਇਹ ਮੀਟਿੰਗ ਬਾਅਦ ਦੁਪਹਿਰ 3.00 ਵਜੇ ਖਤਮ ਹੋਈ। ਇਨ੍ਹਾਂ ਘੰਟਿਆਂ ਦੌਰਾਨ ਲਗਭਗ 18 ਲੱਖ ਮਾਪੇ ਸਾਰੇ ਸਕੂਲਾਂ ਵਿੱਚ ਪਹੁੰਚੇ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਲਈ ਸੁਝਾਅ ਵੀ ਦਿੱਤੇ। ਸਕੂਲਾਂ ਵੱਲੋਂ ਮਾਪਿਆਂ ਲਈ ਵਿਸ਼ੇਸ਼ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਕੁਝ ਸਕੂਲਾਂ ਵਿੱਚ ਮਾਪਿਆਂ ਅਤੇ ਬੱਚਿਆਂ ਲਈ ਸੈਲਫੀ ਪੁਆਇੰਟ ਵੀ ਬਣਾਏ ਗਏ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ PTM ਰਾਹੀਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਅਧਿਆਪਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਦਰਅਸਲ, ਬੱਚੇ ਦੇ ਵਿਕਾਸ ਲਈ ਸਕੂਲ ਅਤੇ ਘਰ ਅਤੇ ਬਾਹਰ ਬਿਤਾਇਆ ਸਮਾਂ ਮਹੱਤਵਪੂਰਨ ਹੁੰਦਾ ਹੈ। ਮਾਪੇ ਇਹ ਸਮਝ ਸਕਣ ਕੇ ਬੱਚੇ ਸਕੂਲ ਵਿੱਚ ਕੀ ਕਰਦੇ ਹਨ ਤੇ ਸਿੱਖਿਆ, ਖੇਡਾਂ ਤੇ ਹੋਰ ਸਰਗਰਮੀਆਂ ਵਿੱਚ ਉਹ ਕਿੰਨਾ ਕੁ ਵਿਕਾਸ ਕਰ ਰਹੇ ਹਨ। ਇਸੇ ਤਰ੍ਹਾਂ ਟੀਚਰ ਸਮਝ ਸਕਣਕਿ ਉਨ੍ਹਾਂ ਦੇ ਵਿਦਿਆਰਥੀ ਸਕੂਲ ਤੋਂ ਘਰ ਜਾਣ ਮਗਰੋਂ ਕੀ ਕਰਦੇ ਹਨ ਤਾਂਕਿ ਬੱਚੇ ਦੇ ਵਿਕਾਸ ਲਈ ਜ਼ਰੂਰੀ ਕਦਮ ਚੁੱਕ ਸਕਣ।
ਇਸ PTM ਲਈ ਸੀ.ਐਮ ਮਾਨ ਨੇ ਖੁਦ ਮਾਪਿਆਂ ਨੂੰ ਸੱਦਾ ਦਿੱਤਾ ਸੀ। ਹਾਲ ਹੀ ਵਿੱਚ ਉਨ੍ਹਾਂ ਕਿਹਾ ਸੀ ਕਿ ਇਸ ਨਾਲ ਬੱਚੇ ਦੀ ਰੁਚੀ ਦਾ ਪਤਾ ਲੱਗੇਗਾ ਅਤੇ ਇਹ ਸਰਕਾਰੀ ਸਕੂਲ ਵਧੀਆ ਭਵਿੱਖ ਤਿਆਰ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਕੂਲਾਂ ਨੂੰ ਹੁਨਰ ਵਿਕਾਸ ਕੋਰਸ ਸ਼ੁਰੂ ਕਰਨ ਲਈ ਵੀ ਕਿਹਾ।
ਇਹ ਵੀ ਪੜ੍ਹੋ : ਬੰਦੀ ਸਿੱਖਾਂ ਦੀ ਰਿਹਾਈ ਲਈ SGPC ਨੇ 20 ਦਸੰਬਰ ਨੂੰ ਦਿੱਲੀ ‘ਚ ਪ੍ਰਦਰਸ਼ਨ ਦਾ ਫੈਸਲਾ ਲਿਆ ਵਾਪਸ
ਅੱਜ ਪੰਜਾਬ ਭਰ ਦੇ ਸਕੂਲਾਂ ਵਿੱਚ 18 ਲੱਖ ਦੇ ਕਰੀਬ ਮਾਪੇ ਪਹੁੰਚ ਚੁੱਕੇ ਹਨ। ਅਜਿਹੇ ‘ਚ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਮਾਪਿਆਂ ਤੋਂ ਸੁਝਾਅ ਲੈਣ ਦੇ ਹੁਕਮ ਦਿੱਤੇ ਸਨ। ਇਹ ਸੁਝਾਅ ਸਕੂਲ ਦੇ ਸੁਧਾਰ ਅਤੇ ਬੱਚਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿੱਖਿਆ ਵਿਭਾਗ ਨੂੰ ਭੇਜੇ ਜਾਣਗੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਵਿਭਾਗ ਦੀਆਂ ਨੀਤੀਆਂ ਵਿੱਚ ਬਦਲਾਅ ਕੀਤਾ ਜਾ ਸਕੇ।