ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ, ਮਰੀਜ਼ਾਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਸਮੇਤ ਮੈਡੀਕਲ ਸਟਾਫ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਇਸ ਸਬੰਧ ਵਿੱਚ ਇੱਕ ਐਡਵਾਈਜ਼ਰੀ ਜਾਰੀ ਕਰਕੇ ਆਮ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ਵਿੱਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।
ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਦੇ ਨਵੇਂ ਰੂਪ JN.1 ਦੇ ਫੈਲਣ ਬਾਰੇ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੀ ਗਈ ਸਲਾਹ ਦੇ ਆਧਾਰ ‘ਤੇ ਸਿਹਤ ਵਿਭਾਗ ਨੇ ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਭੇਜੇ ਇੱਕ ਪੱਤਰ ਵਿੱਚ ਸਖ਼ਤੀ ਨਾਲ ਕੋਵਿਡ ਢੁਕਵੇਂ ਵਿਵਹਾਰ (CAB) ਨੂੰ ਲਾਗੂ ਕਰਨ ਲਈ ਕਿਹਾ।
ਵਿਭਾਗ ਨੇ ਆਮ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਭੀੜ-ਭੜੱਕੇ ਵਾਲੀਆਂ ਅਤੇ ਸੰਘਣੀ ਥਾਵਾਂ ‘ਤੇ ਮਾਸਕ ਪਹਿਨਣ, ਛਿੱਕ ਅਤੇ ਖੰਘਣ ਵੇਲੇ ਨੱਕ ਅਤੇ ਮੂੰਹ ਨੂੰ ਰੁਮਾਲ ਨਾਲ ਢੱਕ ਕੇ ਰੱਖਣ, ਵਰਤੋਂ ਤੋਂ ਤੁਰੰਤ ਬਾਅਦ ਅਜਿਹੇ ਟਿਸ਼ੂ ਨੂੰ ਬੰਦ ਡਸਟਬਿਨ ਵਿੱਚ ਸੁਟਣ, ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਣ।
ਦੱਸ ਦੇਈਏ ਕਿ ਚੰਡੀਗੜ੍ਹ ‘ਚ ਵੀ ਬੀਤੇ ਦਿਨ ਕੋਰੋਨਾ JN.1 ਦੇ ਨਵੇਂ ਰੂਪ ਨੂੰ ਲੈ ਕੇ ਸਿਹਤ ਵਿਭਾਗ ਨੂੰ ਅਲਰਟ ਕਰ ਦਿੱਤਾ ਗਿਆ ਹੈ। ਵਿਭਾਗ ਨੇ ਹਸਪਤਾਲਾਂ ਵਿੱਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 4 ਸਾਲ ਤੋਂ ਘੱਟ ਬੱਚਿਆਂ ਨੂੰ ਇਸ ਖਾਸ ਕਾਂਬੀਨੇਸ਼ਨ ਵਾਲਾ ਕਫ ਸਿਰਪ ਦੇਣਾ ਖ਼ਤਰਨਾਕ! DGCI ਨੇ ਲਾਇਆ ਬੈਨ
ਜੇਐਨ.1 ਦਾ ਇੱਕ ਕੇਸ ਕੇਰਲ ਵਿੱਚ ਪਾਇਆ ਗਿਆ। ਇਸ ਤੋਂ ਬਾਅਦ ਚੰਡੀਗੜ੍ਹ ਸਿਹਤ ਵਿਭਾਗ ਹਰਕਤ ਵਿੱਚ ਆਇਆ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਹਿਲਾਂ ਦੀ ਤਰ੍ਹਾਂ, ਲੋਕਾਂ ਨੂੰ ਮਾਸਕ ਪਹਿਨਣ, ਵਾਰ-ਵਾਰ ਹੱਥ ਧੋਣ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ, ਜੇ ਜਾਣਾ ਵੀ ਪੈਂਦਾ ਹੈ ਤਾਂ ਮਾਸਕ ਲਾ ਕੇ ਜਾਓ। ਸਿਹਤ ਵਿਭਾਗ ਨੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਵਾਈ ਆਪਣੇ ਤੌਰ ‘ਤੇ ਨਾ ਲੈਣ ਲਈ ਕਿਹਾ ਹੈ। ਖਾਸ ਕਰਕੇ ਬਜ਼ੁਰਗਾਂ ਜਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ ਗਿਆ ਹੈ। ਬੀਮਾਰ ਹੋ ਤਾਂ ਕਿਸੇ ਨੂੰ ਮਿਲਣ ਤੋਂ ਬਚਣਾ ਚਾਹੀਦਾ ਹੈ। ਬੁਖਾਰ, ਖੰਘ ਤੇ ਸਾਹ ਲੈਣ ਦੀ ਤਕਲੀਫ ‘ਤੇ ਡਾਕਟਰ ਨਾਲ ਸੰਪਰਕ ਕਰੋ। ਕੋਵਿਡ ਪਾਜ਼ੀਟਿਵ ਆਉਣ ਦੀ ਸਥਿਤੀ ‘ਚ ਖੁਦ ਨੂੰ 7 ਦਿਨਾਂ ਲਈ ਆਈਸੋਲੇਟ ਕਰੋ। ਜ਼ਿਆਦਾ ਦਿੱਕਤ ਹੋਣ ‘ਤੇ ਨਜ਼ਦੀਕੀ ਹੈਲਥ ਕੇਅਰ ਸੈਂਟਰ ‘ਤੇ ਜਾਓ।
ਵੀਡੀਓ ਲਈ ਕਲਿੱਕ ਕਰੋ : –