Punjab Government orders closure : ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਮੁੜ ਆਪਣੇ ਪੈਰ ਪਸਾਰਣੇ ਸ਼ੁਰੂ ਹੋ ਗਿਆ ਹੈ, ਜਿਸ ਦੇ ਚੱਲਦਿਆਂ ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਹਰ ਲੋੜੀਂਦਾ ਕਦਮ ਚੁੱਕ ਰਹੀ ਹੈ। ਛੋਟੇ ਬੱਚਿਆਂ ਨੂੰ ਇਸ ਮਾਰੂ ਬੀਮਾਰੀ ਤੋਂ ਬਚਾਉਣ ਲਈ ਸਰਕਾਰ ਨੇ ਇੱਕ ਹੋਰ ਫੈਸਲਾ ਲਿਆ ਹੈ, ਜਿਸ ਅਧੀਨ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਅਰੁਣਾ ਚੌਧਰੀ ਨੇ ਸ਼ਨੀਵਾਰ ਨੂੰ ਅਗਲੇ ਹੁਕਮਾਂ ਤੱਕ ਸੂਬੇ ਵਿਚ ਸਾਰੇ ਆਂਗਣਵਾੜੀ ਕੇਂਦਰ ਬੰਦ ਕਰਨ ਦੇ ਨਿਰਦੇਸ਼ ਦਿੱਤੇ।
ਚੌਧਰੀ ਨੇ ਇਸ ਫੈਸਲੇ ਨੂੰ ਬੱਚਿਆਂ ਲਈ ਸੁਰੱਖਿਆ ਉਪਾਅ ਕਰਾਰ ਦਿੰਦਿਆਂ ਕਿਹਾ ਕਿ ਬੱਚਿਆਂ ਅਤੇ ਹੋਰ ਲਾਭਪਾਤਰੀਆਂ ਨੂੰ ਰਾਸ਼ਨ ਅਤੇ ਹੋਰ ਸਮਗਰੀ ਲਗਾਤਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਰਾਹੀਂ ਘਰ-ਘਰ ਜਾ ਵੰਡੇ ਜਾਣਗੇ ਤਾਂ ਜੋ ਸਾਡੇ ਲਾਭਪਾਤਰੀਆਂ ਨੂੰ ਪੋਸ਼ਣ ਸੰਬੰਧੀ ਸਹਾਇਤਾ ਮਿਲਣਾ ਪ੍ਰਭਾਵਿਤ ਨਾ ਹੋ ਸਕੇ। ਚੌਧਰੀ ਨੇ ਸਾਰੇ ਹੈਲਥ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਜਿਵੇਂਕਿ ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣੇ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਆਦਿ।
ਕੈਬਨਿਟ ਮੰਤਰੀ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਮਾਰੂ ਵਾਇਰਸ ਤੋਂ ਬਚਾਉਣ ਲਈ ਜੰਗੀ ਪੱਧਰ ‘ਤੇ ਸਾਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਾਮਿਆਂ ਅਤੇ ਮਦਦਗਾਰਾਂ ਨੂੰ ਲੋਕਾਂ ਨੂੰ ਸਾਵਧਾਨੀ ਦੇ ਉਪਾਵਾਂ ਪ੍ਰਤੀ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰ ਆਂਗਣਵਾੜੀ ਕੇਂਦਰਾਂ ਵਿੱਚ ਮੌਜੂਦ ਰਹਿਣਗੇ ਅਤੇ ਪੂਰਕ ਪੋਸ਼ਣ ਪ੍ਰੋਗਰਾਮ ਅਤੇ ਹੋਰ ਗਤੀਵਿਧੀਆਂ ਦੀ ਘਰ-ਘਰ ਜਾ ਕੇ ਵੰਡ ਕਰਨਗੇ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਵਰਕਰ ਅਤੇ ਹੈਲਪਰ ਪੜਾਅਵਾਰ ਢੰਗ ਨਾਲ ਲਾਭਪਾਤਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਵਿਭਾਗ ਦੁਆਰਾ ਦਿੱਤੀ ਸਮਾਂ ਸੀਮਾ ਦੇ ਅੰਦਰ ਬੱਚਆਂ ਦੇ ਸਰੀਰਕ ਵਾਧੇ ਦਾ ਨਿਗਰਾਨੀ ਰਿਕਾਰਡ ਤਿਆਰ ਕੀਤਾ ਜਾਵੇ।