Punjab Police exposes country : ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਫਾਰਮਾ ਕੰਪਨੀ ਦੇ ਨਾਂ ’ਤੇ ਨਸ਼ੀਲੀਆ ਦਵਾਈਆਂ ਬਣਾਉਣ ਵਾਲੀ ਦਿੱਲੀ ਦੀ ਇਕ ਕੰਪਨੀ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਪਿਓ ਤੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਦੋਸ਼ੀਆਂ ਨੂੰ ਦਿੱਲੀ ਵਿਚ ਇਯ ਫਾਰਮਾ ਯੂਨਿਟਸ ਤੋਂ ਫੜੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਕ੍ਰਿਸ਼ਨ ਅਰੋੜਾ ਉਰਫ ਕਲੋਵੀਡੋਲ ਬਾਦਸ਼ਾਹ ਅਤੇ ਉਸ ਦਾ ਪੁੱਤਰ ਗੌਰਵ ਅਰੋੜਾ ਵਜੋਂ ਹੋਈ ਹੈ। ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਦੋਵੇਂ ਪਿਓ-ਪੁੱਤਰ ਦਿੱਲੀ ਵਿਚ ਨਰੇਲਾ ਵਿਖੇ ਨਿਊਟੈਕ ਹੈਲਥਕੇਅਰ ਨਾਂ ਦੀ ਕੰਪਨੀ ਚਲਾਉਂਦੇ ਹਨ, ਜੋਕਿ ਦੇਸ਼ ਵਿਚ ਨਸ਼ੀਲੀਆਂ ਦਵਾਈਆਂ ਬਣਾਉਣ ਵਾਲੀ ਸਭ ਤੋਂ ਵੱਡੀ ਨਿਰਮਾਤਾ ਅਤੇ ਸਪਲਾਇਰ ਕੰਪਨੀ ਹੈ। ਇਨ੍ਹਾਂ ਵੱਲੋਂ ਦੇਸ਼ ਵਿਚ ਗੈਰ-ਕਾਨੂੰਨੀ ਡਰੱਗਸ ਦੇ ਕਾਰੋਬਾਰ ਦਾ 60-70 ਫੀਸਦੀ ਹਿੱਸਾ ਕਾਰੋਬਾਰ ਚਲਾਇਆ ਜਾ ਰਿਹਾ ਹੈ।
ਇਨ੍ਹਾਂ ਵੱਲੋਂ 18 ਤੋਂ 20 ਕਰੋੜ ਰੁਪਏ ਦੀਆਂ ਫਾਰਮਾ ਡਰੱਗਜ਼ ਹਰ ਮਹੀਨੇ ਦੇਸ਼ ਦੇ 17 ਸੂਬਿਆਂ ਵਿਚ ਸਪਲਾਈ ਕੀਤੀਆਂ ਜਾ ਰਹੀਆਂ ਹਨ। ਇਹ ਸਪਲਾਈ ਮਥੁਰਾ ਗੈਂਗ ਅਤੇ ਆਗਰਾ ਗੈਂਗ ਵਰਗੇ ਸਪਲਾਈ ਗੈਂਗਸ ਰਾਹੀਂ ਕੀਤੀ ਜਾਂਦੀ ਸੀ, ਜਿਸ ਦਾ ਜੁਲਾਈ ਵਿਚ ਪੰਜਾਬ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਵਿਰੁੱਧ ਆਪਣੀ ਲੜਾਈ ਇਸੇ ਤਰ੍ਹਾਂ ਜਾਰੀ ਰਖਣਗੇ।