ਕਈ ਵਾਰੀ ਮਾਮੂਲੀ ਗੱਲਾਂ ਤੋਂ ਐਨੀ ਤਕਰਾਰਬਾਜ਼ੀ ਵੱਧ ਜਾਂਦੀ ਹੈ ਕਿ ਲੋਕਾਂ ਨੂੰ ਬਹੁਤ ਵੱਡੇ ਘਾਟੇ ਸਹਿਣੇ ਪੈਂਦੇ ਹਨ ਤੇ ਆਪਣੇ ਨੌਜਵਾਨ ਸਪੁੱਤਰ ਨੂੰ ਵੀ ਗਵਾਉਣਾ ਪੈ ਸਕਦਾ ਹੈ। ਅਜਿਹਾ ਹੀ ਮਾਮਲਾ ਹੈ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਜੱਸਾ ਸਿੰਘ ਦਾ ਜਿੱਥੇ ਉਸ ਸਮੇਂ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਜਦੋਂ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਆਪਣੀ ਗਲੀ ਵਿੱਚ ਗੇਟ ਕੱਢਣ ਨੂੰ ਲੈ ਕੇ ਹੋਈ ਬਹਿਸਬਾਜ਼ੀ ਤੋਂ ਬਾਅਦ ਨੌਜਵਾਨ ਵਿਦਿਆਰਥੀ ਨੇ ਆਪਣੇ ਘਰ ਵਿੱਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਜਿਸ ਨਾਲ ਸਮੁੱਚੇ ਪਿੰਡ ਵਿੱਚ ਸੋਗ ਦਾ ਮਾਤਮ ਛਾਇਆ ਹੋਇਆ ਹੈ।
ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਨੌਵੀਂ ਕਲਾਸ ਵਿੱਚ ਪੜ੍ਹਦਾ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਇਕਲੌਤਾ ਸਪੁੱਤਰ ਅਰਸ਼ਪ੍ਰੀਤ ਸਿੰਘ ਜੋ ਨੌਵੀਂ ਕਲਾਸ ਵਿਚ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ ਤੇ ਉਸਦਾ ਤਾਏ ਨੇ ਉਨ੍ਹਾਂ ਦੇ ਘਰ ਦੇ ਸਾਹਮਣੇ ਮਕਾਨ ਮੁੱਲ ਲਿਆ ਸੀ ਜਿਸ ਦਾ ਗੇਟ ਉਹ ਉਨ੍ਹਾਂ ਦੇ ਘਰ ਵੱਲ ਕੱਢ ਰਿਹਾ ਸੀ ਤੇ ਜਿਸ ਨੂੰ ਉਹ ਰੋਕ ਰਹੇ ਸਨ। ਜਿਸ ਨੂੰ ਲੈ ਕੇ ਪੰਚਾਇਤ ਵੀ ਇਕੱਠੀ ਹੋਈ ਸੀ ਪਰ ਉਨ੍ਹਾਂ ਉਹ ਨਾ ਮੰਨੇ ਤੇ ਗਲੀ ਵਿੱਚ ਬਾਹਰ ਕੱਢ ਲਿਆ ਜਿਸ ਤੋਂ ਤੰਗ ਆ ਕੇ ਨੌਜਵਾਨ ਅਰਸ਼ਪ੍ਰੀਤ ਸਿੰਘ ਨੇ ਸਕੂਲ ਵਿੱਚੋਂ ਛੁੱਟੀ ਲੈ ਕੇ ਘਰ ਵਿਚ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਜ਼ਿੰਮੇਵਾਰ ਲੋਕਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਧਰ ਇਸ ਸੰਬੰਧੀ ਤਲਵੰਡੀ ਸਾਬੋ ਦੇ ਥਾਣਾ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਹਿਮਣ ਜੱਸਾ ਸਿੰਘ ਵਿੱਚ ਗੇਟ ਕੱਢਣ ਤੋਂ ਵਧੇ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ ਜਿਸ ‘ਤੇ ਦੋ ਔਰਤਾਂ ਸਮੇਤ ਛੇ ਵਿਅਕਤੀਆਂ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।