ਗੁਲਾਬੀ ਸੁੰਡੀ ਪੈਣ ਕਾਰਨ ਮਾਲਵੇ ਖਿੱਤੇ ਵਿੱਚ ਚਿੱਟੇ ਸੋਨਾ ਨਰਮੇ ਦੀ ਫਸਲ ਬਰਬਾਦ ਹੋ ਰਹੀ ਹੈ। ਜਿਸ ਨੂੰ ਲੈ ਕੇ ਕਿਸਾਨ ਚਿੰਤਾ ਵਿੱਚ ਹਨ ਤੇ ਕਿਸਾਨਾਂ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੌਰੇ ਤੋਂ ਕੁਝ ਆਸਾਂ ਸਨ। ਪਰ ਗਿਰਦਾਵਰੀ ਨਾ ਸ਼ੁਰੂ ਹੋਣ ਕਾਰਨ ਨਿਰਾਸਤਾ ਪਾਈ ਜਾ ਰਹੀ ਹੈ ਤੇ ਓੁਹ ਆਪਣੀ ਫ਼ਸਲ ਦੀ ਬਰਬਾਦੀ ਨਾ ਸਹਾਰਦੇ ਹੋਏ ਲਗਾਤਾਰ ਖੁਦਕੁਸ਼ੀਆਂ ਦੇ ਰਸਤੇ ਪੈ ਗਏ ਹਨ। ਜਿਸ ਤਹਿਤ ਅੱਜ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਇਕ ਕਿਸਾਨ ਆਗੂ ਜਸਪਾਲ ਸਿੰਘ ਭੋਲਾ ਨੇ ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਨੂੰ ਨਾ ਸਹਾਰਦੇ ਹੋਏ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਜਿਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮੋਹਨ ਸਿੰਘ ਚੱਠੇਵਾਲਾ ਨੇ ਦੱਸਿਆ ਕਿ ਕਿਸਾਨ ਸਿਰ ਲੱਖਾਂ ਰੁਪਏ ਦਾ ਕਰਜ਼ਾ ਸੀ ਤੇ ਇਸ ਨਰਮੇ ਦੀ ਫਸਲ ਤੋਂ ਉਸ ਨੂੰ ਕਰਜ਼ਾ ਲਾਹੁਣ ਦੀ ਆਸ ਸੀ ਪਰ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਤਬਾਹ ਹੋ ਗਈ ਹੈ। ਜਿਸ ਨੂੰ ਨਾ ਸਹਾਰਦੇ ਹੋਏ ਅੱਜ ਕਿਸਾਨ ਆਗੂ ਜਸਪਾਲ ਸਿੰਘ ਭੋਲਾ ਨੇ ਖੁਦਕਸ਼ੀ ਕਰ ਲਈ ਹੈ। ਜਿਸ ‘ਤੇ ਜਿੱਥੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪਰਿਵਾਰ ਨੂੰ ਜਲਦੀ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਉੱਥੇ ਹੀ ਉਨ੍ਹਾਂ ਮਾਲਵੇ ਖਿੱਤੇ ਅੰਦਰ ਗੁਲਾਬੀ ਸੁੰਡੀ ਨਾਲ ਤਬਾਹ ਹੋਈਆਂ ਫ਼ਸਲਾਂ ਦੇ ਮਾਲਕਾਂ ਨੂੰ ਵੀ ਜਲਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨ ਖੁਦਕੁਸ਼ੀਆਂ ਦੇ ਰਸਤੇ ਨਾ ਪੈਣ ਮ੍ਰਿਤਕ ਦੇ ਨੌਜਵਾਨ ਸਪੁੱਤਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪਿਤਾ ਗੁਲਾਬੀ ਸੁੰਡੀ ਨਾਲ ਬਰਬਾਦ ਹੋਈ ਫਸਲ ਨੂੰ ਲੈ ਕੇ ਕਾਫੀ ਚਿੰਤਾ ਵਿੱਚ ਰਹਿੰਦਾ ਸੀ ਤੇ ਅੱਜ ਉਸ ਤੋਂ ਫ਼ਸਲ ਦੀ ਬਰਬਾਦੀ ਸਹਾਰੀ ਨਹੀਂ ਗਈ ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ ਹੈ।