ਸ਼ਰਾਬ ਠੇਕੇਦਾਰ ਦੇ ਜੀ ਐਮ ਦਿਆਂ ਧਮਕੀਆਂ ਤੋਂ ਪ੍ਰੇਸ਼ਾਨ ਹੋਕੇ ਇਕ 36 ਸਾਲਾ ਨੌਜਵਾਨ ਵਲੋਂ ਪਠਾਨਕੋਟ ਦੇ ਬੱਸ ਸਟੈਂਡ ਦੇ ਨਜ਼ਦੀਕ ਇਕ ਹੋਟਲ ਵਿੱਚ ਫੰਦਾ ਲਗਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮ੍ਰਿਤਕ ਦੀ ਪਤਨੀ ਰਜਨੀ ਬਾਲਾ ਵਲੋਂ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਉਸਦਾ ਪਤੀ ਮ੍ਰਿਤਕ ਸੌਰਵ ਮਹਾਜਨ ਜੋ ਪਿਛਲੇ ਇਕ ਸਾਲ ਤੋਂ ਡੇਰਾ ਬਾਬਾ ਨਾਨਕ ਸਰਕਲ ਦੇ ਵਿੱਚ ਸ਼ਰਾਬ ਠੇਕੇਦਾਰਾਂ ਕੋਲ ਕੰਮ ਕਰ ਰਿਹਾ ਸੀ ਤੇ ਠੇਕੇਦਾਰ ਦੇ ਜਨਰਲ ਮੈਨੇਜਰ ਵਲੋਂ ਪਿਛਲੇ 3 ਦਿਨਾਂ ਤੋਂ ਉਸਦੇ ਪਤੀ ਨੂੰ ਪੈਸੇ ਦੇ ਲੈਣਦੇਣ ਨੂੰ ਲੈਕੇ ਪ੍ਰੇਸ਼ਾਨ ਕਰ ਰਿਹਾ ਸੀ। ਉਸਦੇ ਪਤੀ ਤੇ 50000 ਰੁਪਏ ਦਾ ਝੂਠਾ ਇਲਜਾਮ ਲਗਾਇਆ ਜਾ ਰਿਹਾ ਸੀ। ਜਿਸਦੇ ਚੱਲਦੇ ਉਸਦਾ ਪਤੀ ਕਾਫੀ ਪ੍ਰੇਸ਼ਾਨ ਸੀ ਤੇ ਉਸਨੂੰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਉਸਦੀ ਪਤਨੀ ਨੇ ਕਿਹਾ ਕਿ ਮੇਰੇ ਪਤੀ ਦੇ ਨਾਲ-ਨਾਲ ਮੈਨੂੰ ਵੀ ਠੇਕੇਦਾਰ ਦੇ ਜੀ ਐਮ ਵਲੋਂ ਡਰਾਇਆ ਧਮਕਾਇਆ ਗਿਆ।
ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਮੇਰਾ ਪਤੀ ਪਿਛਲੇ ਇਕ ਸਾਲ ਤੋਂ ਬੜੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੀ। ਜਦਕਿ ਜੀ ਐਮ ਵਲੋਂ ਉਸਨੂੰ ਝੂਠਾ ਫਸਾਇਆ ਜਾ ਰਿਹਾ ਹੈ ਤੇ ਬਾਰ ਬਾਰ ਧਮਕਾਇਆ ਜਾ ਰਿਹਾ ਸੀ। ਜਿਸਦੇ ਚੱਲਦੇ ਉਸਦੇ ਪਤੀ ਵਲੋਂ ਫੰਦਾ ਲਗਾ ਖ਼ੁਦਕੁਸ਼ੀ ਕਰ ਲਈ ਹੈ। ਇਸ ਸੰਬੰਧ ਵਿੱਚ ਜਦ ਡੀ ਐਸ ਪੀ ਪਠਾਨਕੋਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਰਹੀ ਹੈ। ਬਿਆਨਾਂ ਦੇ ਅਧਾਰ ਤੇ ਜੋ ਕਾਨੂੰਨੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।