ਪੰਜਾਬ ਵਿੱਚ ਪੁਲਿਸ ਪ੍ਰਸ਼ਾਸ਼ਨ ਦੀ ਹਾਲਤ ਇੰਨੀ ਕੁ ਮਾੜੀ ਹੋ ਚੁੱਕੀ ਹੈ ਕਿ ਚੋਰ ਲੁਟੇਰੇ ਅਤੇ ਕਤਲੋ ਗਾਰਤ ਕਰਨ ਵਾਲੇ ਸਮਾਜ ਵਿਰੋਧੀ ਅਨਸਰ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਕਰਨ ਲੱਗਿਆਂ ਇੱਕ ਪਲ ਵੀ ਨਹੀਂ ਸੋਚਦੇ, ਹਾਲੇ ਕੁਝ ਦਿਨ ਪਹਿਲਾਂ ਲਿਫਟ ਦੇਣ ਵਾਲੇ ਇੱਕ ਛੋਟਾ ਹਾਥੀ ਚਾਲਕ ਵਿਅਕਤੀ ਨੂੰ ਮਾਰ ਕੇ ਦਰਿਆ ਬਿਆਸ ਵਿੱਚ ਸੁੱਟਣ ਦਾ ਮਾਮਲਾ ਠੰਢਾ ਨਹੀਂ ਪਿਆ ਕਿ ਮੁੜ ਅਜਿਹੀ ਹੀ ਇੱਕ ਹੋਰ ਕਥਿਤ ਵਾਰਦਾਤ ਨੇ ਦਰਿਆ ਬਿਆਸ ਤੇ ਬਣੇ ਪੁਲਿਸ ਨਾਕਿਆਂ ਤੇ ਤੈਨਾਤ ਮੁਲਾਜਮਾਂ ਦੀ ਡਿਊਟੀ ਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ। ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੇ ਬਣੇ ਦਰਿਆ ਬਿਆਸ ਪੁੱਲ ਦੀ ਜਿੱਥੇ ਆਏ ਦਿਨ ਕਈ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਕਤਲ ਲੁੱਟ ਖੋਹ ਚੋਰੀਆਂ ਕਰਨ ਵਾਲੇ ਗੈਰ ਸਮਾਜੀ ਤੱਤਵ ਸ਼ਰੇਆਮ ਵਾਰਦਾਤ ਨੂੰ ਅੰਜਾਮ ਦੇ ਕੇ ਤੋਂ ਫਰਾਰ ਹੋ ਜਾਂਦੇ ਹਨ। ਤਾਜਾ ਮਾਮਲੇ ਵਿੱਚ ਇੱਕ ਗੱਡੀ ਚਾਲਕ ਜੋ ਕਿ ਮੰਡੀ ਗੋਬਿੰਦਗੜ ਤੋਂ ਸਰੀਆ ਲੈ ਕੇ ਅੰਮ੍ਰਿਤਸਰ ਦੀ ਤਰਫ ਜਾ ਰਿਹਾ ਸੀ ਕਿ ਇਸ ਦੌਰਾਨ ਦਰਿਆ ਬਿਆਸ ਤੇ ਉਸ ਨਾਲ ਖੌਫਨਾਕ ਘਟਨਾ ਵਾਪਰਨ ਦੀ ਖਬਰ ਹੈ, ਜਿੱਥੇ ਅਣਪਛਾਤੇ ਵਿਅਕਤੀਆਂ ਵਲੋਂ ਕਥਿਤ ਤੌਰ ਤੇ ਉਸ ਗੱਡੀ ਚਾਲਕ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਰਿਆ ਬਿਆਸ ਵਿੱਚ ਲਾਸ਼ ਸੁੱਟੀ ਗਈ ਪਰ ਇਸ ਦੌਰਾਨ ਲਾਸ਼ ਹੇਠਾਂ ਪਾਣੀ ਦੀ ਬਜਾਏ ਦਰਿਆ ਕਿਨਾਰੇ ਮਿੱਟੀ ਤੇ ਡਿੱਗੀ ਮਿਲੀ ਅਜਿਹਾ ਜਿਲਾ ਕਪੂਰਥਲਾ ਦੀ ਥਾਣਾ ਢਿੱਲਵਾਂ ਪੁਲਿਸ ਦਾ ਮੰਨਣਾ ਹੈ।
ਘਟਨਾ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸਦੇ ਚਾਚੇ ਦਾ ਪੁੱਤਰ ਮਨਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਦੌਲਤਪੁਰ ਮੰਡੀ ਗੋਬਿੰਦਗੜ ਤੋਂ ਗੱਡੀ ਵਿੱਚ ਸਰੀਆ ਲੱਦ ਕੇ ਆ ਰਿਹਾ ਸੀ ਕਿ ਇਸ ਦੌਰਾਨ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੱਡੀ ਲੁੱਟ ਕੇ ਉਸ ਨੂੰ ਦਰਿਆ ਬਿਆਸ ਵਿੱਚ ਕਤਲ ਕਰ ਕੇ ਸੁੱਟ ਦਿੱਤਾ ਹੈ, ਉਨਾਂ ਦੱਸਿਆ ਕਿ ਪੁਲਿਸ ਵਲੋਂ ਮੌਕੇ ਤੇ ਪੁੱਜ ਕੇ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਸਥਿਤ ਦਰਿਆ ਬਿਆਸ ਪੁੱਲ ਹੇਠੋਂ ਲਾਸ਼ ਬਰਾਮਦ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਉਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਕਾਤਲਾਂ ਨੂੰ ਗ੍ਰਿਫਤਾਰ ਕਰ ਸਖਤ ਸਜਾ ਦਿੱਤੀ ਜਾਵੇ।
ਇਸ ਸਬੰਧੀ ਗੱਲਬਾਤ ਦੌਰਾਨ ਥਾਣਾ ਢਿੱਲਵਾਂ ਦੇ ਮੁੱਖੀ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਰਿਆ ਬਿਆਸ ਪੁੱਲ ਹੇਠਾਂ ਲਾਸ਼ ਪਈ ਹੈ, ਜੋ ਕਿ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਅਤੇ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਦੇਖਣਾ ਬਣਦਾ ਹੈ ਕਿ ਕਿਉਂ ਦਰਿਆ ਬਿਆਸ ਪੁੱਲ ਤੇ ਪੁਲਿਸ ਤੇ ਅੱਜ ਤੱਕ ਸਖਤ ਪਹਿਰਾ ਨਹੀਂ ਬਣ ਸਕਿਆ ਹੈ, ਜਿਿਲਆਂ ਦੇ ਨਵੇਂ ਪੁਰਾਣੇ ਸਾਹਬ ਆਉਂਦੇ ਹਨ ਅਤੇ ਨਫਰੀ ਵਧਾਉਣ ਦੀ ਗੱਲ ਕਹਿ ਤੁਰ ਜਾਂਦੇ ਹਨ ਪਰ ਸੋਚਣ ਦੀ ਗੱਲ ਹੈ ਕਿ ਕਿਵੇਂ ਲੁੱਟ ਖੋਹ ਕਰਨ ਵਾਲੇ ਵਿਅਕਤੀ ਬੇਖੌਫ ਹੋ ਇਸ ਪੁਲਿਸ ਨਾਕਿਆਂ ਤੋਂ ਫਰਾਰ ਹੋ ਜਾਂਦੇ ਹਨ ਅਤੇ ਘੂਕ ਨੀਂਦੇ ਸੁੱਤੀ ਪੁਲਿਸ ਨੂੰ ਇਸਦੀ ਭਿਣਕ ਤੱਕ ਨਹੀਂ ਲੱਗਦੀ, ਕਿਉਂ ਦਰਿਆ ਬਿਆਸ ਪੁੱਲ ਤੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਕੀਤਾ ਗਿਆ, ਕਿਉਂ ਦਰਿਆ ਬਿਆਸ ਪੁੱਲ ਦੇ ਦੋਵੇਂ ਤਰਫ ਨਾਕਾ ਨਹੀਂ ਹੈ ਬਲਕਿ ਇੱਕ ਤਰਫ ਅੰਮ੍ਰਿਤਸਰ ਦੀ ਹੱਦ ਵਿੱਚ ਹੈ ਜੋ ਕਿ ਨਾਕਾਫੀ ਹੈ, ਕਿਉਂ ਦਰਿਆ ਤੇ ਤੈਨਾਤ ਪੁਲਿਸ ਨਫਰੀ ਦਰਿਆ ਬਿਆਸ ਪੁੱਲ ਤੇ ਰੁਕਣ ਵਾਲੇ ਵਾਹਨ ਚਾਲਕਾਂ ਨੂੰ ਨਹੀਂ ਰੋਕਦੀ ਅਤੇ ਇਹ ਸਾਰੇ ਸਵਾਲ ਇਕੋ ਜਵਾਬ ਮੰਗਦੇ ਹਨ ਕਿ ਆਖਿਰ ਕਦ ਅਜਿਹੇ ਮਾਮਲਿਆਂ ਤੇ ਰੋਕ ਲੱਗੇਗੀ।