ਪੰਜਾਬ ਦੀ ਕਾਂਗਰਸ ਸਰਕਾਰ ਵਿਚ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਦੇ ਲੋਕਾਂ ਲਈ ਵੱਡੇ ਐਲਾਨ ਕੀਤੇ ਗਏ ਸਨ। ਜਿਨ੍ਹਾਂ ਵਿਚ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਦੇਣ ਲਈ ਸਰਕਾਰੀ ਉੱਚ ਅਧਿਕਾਰੀਆਂ,ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਦਫਤਰਾਂ ਵਿਚ ਸਮੇਂ ਸਿਰ ਪੁੱਜਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਤਾਂ ਜੋ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪੈ ਸਕੇ ਅਤੇ ਲੋਕ ਖੱਜਲ ਖੁਆਰ ਨਾ ਹੋ ਸਕਣ। ਪਰ ਤਪਾ ਮੰਡੀ ਦੇ ਪਟਵਾਰਖਾਨੇ ਦਫ਼ਤਰ ਨੂੰ ਸਾਢੇ ਦਸ ਵਜੇ ਤੱਕ ਵੀ ਜਿੰਦਾ ਲੱਗਿਆ ਦਿਖਾਈ ਦਿੱਤਾ। ਪਟਵਾਰੀ ਨੇ ਸਮੇਂ ਸਿਰ ਪਹੁੰਚਣਾ ਤਾਂ ਕੀ ਸੀ ਕੰਮ ਕਰਾਉਣ ਆਏ ਨੌਜਵਾਨ ਨੂੰ ਮੋਬਾਇਲ ਫੋਨ ‘ਤੇ ਹੀ ਅਪਸ਼ਬਦ ਬੋਲਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਿਸ ਕਾਰਨ ਇਕੱਠੇ ਲੋਕਾਂ ਨੇ ਪਟਵਾਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ।
ਜਾਣਕਾਰੀ ਅਨੁਸਾਰ ਪਟਵਾਰਖਾਨਾ ਤਪਾ ਵਿਖੇ ਪਿਛਲੇ ਕਈ ਦਿਨਾਂ ਤੋਂ ਆਪਣੇ ਕੰਮ ਕਰਾਉਣ ਆਏ ਤੋਪਾਂ ਸਮੇਤ ਨੇੜਲੇ ਪਿੰਡਾਂ ਦੇ ਲੋਕ ਲਗਾਤਾਰ ਚੱਕਰ ਲਗਾਉਂਦੇ ਨਜ਼ਰ ਆ ਰਹੇ ਸਨ। ਜਿਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ। ਪਟਵਾਰਖਾਨੇ ਕੰਮ ਕਰਵਾਉਣ ਆਏ ਸੁਭਾਸ਼ ਚੰਦਰ ਤਪਾ, ਟੀ.ਐਮ.ਐਲ ਪਾਰਟੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ,ਨਿਰੰਜਣ ਸਿੰਘ ਅਤੇ ਗੁਰਜੰਟ ਸਿੰਘ ਤਪਾ ਦੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਤਪਾ ਮੰਡੀ ਦਾ ਪਟਵਾਰੀ ਪਿਛਲੇ ਕਈ ਦਿਨਾਂ ਤੋਂ ਸਮੇਂ ਸਿਰ ਡਿਊਟੀ ਤੇ ਨਹੀਂ ਆ ਰਿਹਾ। ਜਿਸ ਕਾਰਨ ਉਨ੍ਹਾਂ ਨੂੰ ਜ਼ਰੂਰੀ ਕੰਮਕਾਜਾਂ ਲਈ ਦਫ਼ਤਰਾਂ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰਾਂ ਵਿੱਚ ਡਿਊਟੀ ‘ਤੇ ਸਮੇਂ ਸਿਰ ਆਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਤਪਾ ਮੰਡੀ ਦਾ ਪਟਵਾਰੀ ਸਮੇਂ ਤੋਂ ਬਾਅਦ ਵੀ ਨਹੀਂ ਪਹੁੰਚਦਾ ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਅਫ਼ਸਰਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸਾਢੇ ਦਸ ਵਜੇ ਦਾ ਸਮਾਂ ਹੋ ਚੁੱਕਾ ਹੈ ਪਰ ਪਟਵਾਰੀ ਪਹੁੰਚਿਆ ਨਹੀਂ। ਜਿਸ ਕਰਕੇ ਉਨ੍ਹਾਂ ਨੂੰ ਵਾਪਸ ਮੁੜਨ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਕਿਹਾ ਕਿ ਅਜਿਹੇ ਲਾਪਰਵਾਹ ਪਟਵਾਰੀਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਦਫ਼ਤਰਾਂ ਵਿੱਚ ਲੋਕਾਂ ਦੇ ਕੰਮ ਹੋ ਸਕਣ।
ਇਸ ਮਾਮਲੇ ਸਬੰਧੀ ਜਦ ਮੀਡੀਆ ਸਾਹਮਣੇ ਇੱਕ ਨੌਜਵਾਨ ਨੇ ਪਟਵਾਰੀ ਨੂੰ ਮੋਬਾਇਲ ਫੋਨ ‘ਤੇ ਗੱਲ ਕੀਤੀ ਤਾਂ ਪਟਵਾਰੀ ਵੱਲੋਂ ਉਸ ਨੂੰ ਗ਼ਲਤ ਅਪਸ਼ਬਦ ਬੋਲੇ ਗਏ। ਜਿਸ ਤੇ ਪੀਡ਼ਤ ਨੌਜਵਾਨ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਤੋਂ ਪਟਵਾਰੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਇਕੱਠੇ ਨੌਜਵਾਨਾਂ ਬਜ਼ੁਰਗਾਂ ਅਤੇ ਵਿਅਕਤੀਆਂ ਨੇ ਆਪਣਾ ਕੰਮ ਕਰਵਾਉਣ ਲਈ ਤਪਾ ਤੋਂ ਦਸ ਕਿਲੋਮੀਟਰ ਦੂਰ ਸੰਤਪੁਰਾ ਜਾ ਕੇ ਆਪਣਾ ਕੰਮ ਕਰਾਉਣ ਲਈ ਮਜ਼ਬੂਰ ਜਾਣਾ ਪਿਆ। ਜਦ ਇਸ ਮਾਮਲੇ ਸੰਬੰਧੀ ਤਪਾ ਮੰਡੀ ਦੇ ਪਟਵਾਰੀ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਰਕਾਰ ਵੱਲੋਂ ਪਟਵਾਰੀਆਂ ਦੀ ਘਾਟ ਹੋਣ ਕਾਰਨ ਪਟਵਾਰੀਆਂ ਨੂੰ ਤੇਈ ਦਫ਼ਤਰਾਂ ਦਾ ਚਾਰਜ ਦਿੱਤਾ ਗਿਆ ਹੈ ਜਿਸ ਕਰਕੇ ਇਹ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾਲ ਗਾਲੀ ਗਲੋਚ ਨਹੀਂ ਕੀਤੀ ਅਤੇ ਸਰਕਾਰ ਦੀ ਪਾਲਣਾ ਕਰਕੇ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ। ਸੋ ਲੋਕਾਂ ਨੂੰ ਹੋ ਰਹੀ ਦਫ਼ਤਰਾਂ ਵਿੱਚ ਖੱਜਲ ਖੁਆਰੀ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਸੋਚਣਾ ਜ਼ਰੂਰ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ।