ਪੰਜਾਬ ਭਰ ਵਿਚ ਘੱਟ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਸਰਕਾਰਾਂ ਵਲੋਂ ਜਿੱਥੇ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਛੱਡ ਬਾਕੀ ਫ਼ਲਦਾਰ ਅਤੇ ਹੋਰ ਫ਼ਸਲਾਂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਬਾਗਬਾਨੀ ਜਾਂ ਫਸਲਦਾਰ ਫਸਲਾਂ ਦੀ ਸਾਂਭ ਸੰਭਾਲ ਅਤੇ ਮੰਡੀਕਰਨ ਕਰਨ ਵਿਚ ਕਿਸਾਨਾਂ ਨੂੰ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਅਜਿਹੀਆਂ ਬਹੁਤ ਸਾਰੀਆਂ ਫਸਲਾਂ ਹਨ ਜਿਹਨਾਂ ਦਾ ਪੰਜਾਬ ਵਿੱਚ ਮੰਡੀਕਰਨ ਨਾ ਹੋਣ ਕਰਕੇ ਪੰਜਾਬ ਤੋਂ ਬਾਹਰ ਜਾ ਕੇ ਉਨ੍ਹਾਂ ਨੂੰ ਵੇਚਣ ਨਾਲ ਧੱਕੇ ਖਾਣੇ ਪੈ ਰਹੇ ਹਨ ਅਤੇ ਐਮਐਸਪੀ ਨਾ ਹੋਣ ਕਰਕੇ ਵਪਾਰੀਆਂ ਵਲੋਂ ਆਪਣੇ ਮਨਮਰਜੀ ਦੇ ਰੇਟ ਲਗਾ ਕਿਸਾਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸ ਸਬੰਧੀ ਜਦ ਅਜਨਾਲਾ ਦੇ ਪਿੰਡ ਕੋਟਲੀ ਵਿਖੇ ਨਾਖਾਂ ਦੇ ਬਾਗ਼ ਦਾ ਜਾਇਜ਼ਾ ਲਿਆ ਗਿਆ ਤਾਂ ਉੱਥੇ ਕਿਸਾਨਾਂ ਅਤੇ ਠੇਕੇਦਾਰਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ।
ਇਸ ਸਬੰਧੀ ਕਿਸਾਨ ਗੁਲਜ਼ਾਰ ਸਿੰਘ ਕੋਟਲੀ ਅਤੇ ਕਾਬਲ ਸਿੰਘ ਸ਼ਾਹਪੁਰ ਨੇ ਕਿਹਾ ਕਿ ਓਹਨਾਂ ਵਲੋਂ ਕਰੀਬ 10 ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ ਖੇਤਾਂ ਵਿਚ ਨਾਖਾਂ ਦੀ ਫਸਲ ਦੇ ਬੂਟੇ ਤਿਆਰ ਕੀਤੇ ਗਏ ਹਨ ਪਰ ਉਹਨੂੰ ਵਲੋਂ ਏਨਾ ਸਮਾਂ ਮਿਹਨਤ ਕਰਨ ਤੋਂ ਬਾਅਦ ਵੀ ਕੋਈ ਨੂੰ ਕੋਈ ਲਾਭ ਨਹੀਂ ਮਿਲਿਆ। ਉਹਨਾ ਕਿਹਾ ਕਿ ਸਰਕਾਰਾਂ ਵਲੋਂ ਕਿਸਾਨੀ ਨੂੰ ਲੈਕੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ਤੇ ਇਹਨਾ ਦੀ ਹਕੀਕਤ ਕੁਝ ਹੋਰ ਹੀ ਹੈ। ਉਹਨਾ ਮੰਗ ਕੀਤੀ ਕਿ ਓਹਨਾ ਦੀ ਫਸਲ ਦੇ ਮੰਡੀਕਰਨ ਦਾ ਪ੍ਰਬੰਧ ਕੀਤਾ ਜਾਏ ਅਤੇ ਫ਼ਸਲ ਦੇ ਬੀਮੇ ਦੇ ਨਾਲ ਨਾਲ ਸਬਸਿਟੀ ਵੀ ਦਿੱਤੀ ਜਾਏ।
ਇਸ ਸਬੰਧੀ ਠੇਕੇਦਾਰ ਸੁੰਨੀ ਨੇ ਕਿਹਾ ਕਿ ਉਹਨਾਂ ਦਾ ਫ਼ਸਲ ਨੂੰ ਲੈਕੇ ਬਹੁਤ ਨੁਕਸਾਨ ਹੋਇਆ ਕਿਉੰਕਿ ਇਸ ਵਾਰ ਖਰਾਬ ਮੌਸਮ ਕਰਕੇ ਫ਼ਸਲ ਵੀ ਘੱਟ ਹੋਈ ਹੈ ਤੇ ਨੁਕਸਾਨ ਵੀ ਜਿਆਦਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲ ਦੀਆਂ ਕੀਮਤਾਂ ਵੱਧਣ ਨਾਲ ਵੀ ਮੰਡੀਕਰਨ ਦਾ ਖਰਚ ਵਧੀਆ ਹੈ ਅਤੇ ਦੂਸਰਾ ਮੰਡੀਕਰਨ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਫ਼ਸਲ ਵੀ ਕੋਲਡ ਸਟੋਰਾਂ ਵਿਚ ਰੱਖਣੀ ਪਵੇਗੀ, ਜਿਸ ਦੇ ਖਰਾਬ ਹੋਣ ਦਾ ਡਰ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਕਰਨ ਦਾ ਸਹੀ ਪ੍ਰਬੰਧ ਕੀਤਾ ਜਾਏ।