ਚੰਡੀਗੜ: ਸੋਲਰ ਪਾਵਰ ਪ੍ਰਾਜੈਕਟਾਂ ਦੀਆਂ ਮਹਿੰਗੀਆਂ ਦਰਾਂ ਦਾ ਅਸਰ ਸੂਬੇ ਦੇ ਲੋਕਾਂ ’ਤੇ ਪੈਣ ਦੇ ਮੱਦੇਨਜਰ ਪੰਜਾਬ ਦੇ ਨਵੇਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸੋਲਰ ਪਾਵਰ ਪ੍ਰਾਜੈਕਟਾਂ ਦੇ ਬਿਜਲੀ ਖ਼ਰੀਦ ਸਮਝੌਤਿਆਂ (ਪੀ.ਪੀ.ਏ.) ਦੀਆਂ ਦਰਾਂ ਘਟਾਉਣ ਲਈ ਠੋਸ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਦਰਾਂ ਘਟਾਉਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਲਈ ਠੋਸ ਤਰਕ ਅਤੇ ਕਾਰਜਪ੍ਰਣਾਲੀ ਤੁਰੰਤ ਅਰੰਭੀ ਜਾਵੇ।
ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਵੇਰਕਾ ਨੇ ਮਹਿੰਗੀਆਂ ਬਿਜਲੀ ਦਰਾਂ ਘਟਾਉਣ ਦੀ ਲੋੜ ’ਤੇ ਜੋਰ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿੰਗੀਆਂ ਬਿਜਲੀ ਖ਼ਰੀਦ ਦਰਾਂ ਘਟਾਉਣ ਲਈ ਵਿਧਾਨ ਸਭਾ ਵਿੱਚ ਕਾਨੂੰਨ ਲਿਆਉਣ ਦੀ ਸੰਭਾਵਨਾ ਸਣੇ ਸਾਰੇ ਤਰੀਕਿਆਂ ਦੀ ਪੜਚੋਲ ਕੀਤੀ ਜਾ ਰਹੀ ਹੈ ਕਿਉਂਕਿ ਬਿਜਲੀ ਸਬੰਧੀ ਕਾਨੂੰਨ ਵਿੱਚ ਤਬਦੀਲੀ ਸੂਬੇ ਦੇ ਅਧਿਕਾਰੀ ਦਾ ਵੀ ਵਿਸ਼ਾ ਹੈ। ਮੀਟਿੰਗ ਦੌਰਾਨ ਸ੍ਰੀ ਐੱਚ.ਐੱਸ. ਹੰਸਪਾਲ ਚੇਅਰਮੈਨ ਪੇਡਾ, ਸ੍ਰੀ ਵੇਨੂ ਪ੍ਰਸਾਦ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਪੀ.ਐਸ.ਪੀ.ਸੀ.ਐਲ, ਸ੍ਰੀ ਕੇ.ਪੀ. ਸਿਨਹਾ ਪ੍ਰਮੁੱਖ ਸਕੱਤਰ ਬਿਜਲੀ ਤੇ ਐਨ.ਆਰ.ਈ.ਐਸ. ਵਿਭਾਗ, ਸ੍ਰੀ ਐਨ.ਪੀ.ਐਸ. ਰੰਧਾਵਾ ਮੁੱਖ ਕਾਰਜਕਾਰੀ ਅਧਿਕਾਰੀ ਪੇਡਾ, ਸ੍ਰੀ ਐਮ.ਪੀ. ਸਿੰਘ ਡਾਇਰੈਕਟਰ ਪੇਡਾ, ਸ੍ਰੀ ਪਰਮਜੀਤ ਸਿੰਘ ਡਾਇਰੈਕਟਰ ਜੈਨਰੇਸਨ ਪੀ.ਐਸ.ਪੀ.ਸੀ.ਐਲ. ਅਤੇ ਸ੍ਰੀ ਮਨਜੀਤ ਸਿੰਘ ਐਸ.ਈ. (ਆਈ.ਪੀ.ਸੀ) ਪੀ.ਐਸ.ਪੀ.ਸੀ.ਐਲ. ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਕੈਬਨਿਟ ਮੰਤਰੀ ਨੇ ਕਿਹਾ ਕਿ ਕਰੀਬ 7-8 ਸਾਲ ਪਹਿਲਾਂ ਤਿੰਨ ਪੜਾਵਾਂ ਵਿੱਚ ਪੀ.ਪੀ.ਏ. ’ਤੇ ਹਸਤਾਖ਼ਰ ਕੀਤੇ ਗਏ ਸਨ ਜਦੋਂ ਕੌਮੀ ਪੱਧਰ ’ਤੇ ਸੌਰ ਊਰਜਾ ਦੀ ਕੀਮਤ ਅੱਜ ਦੇ ਮੁਕਾਬਲਤਨ ਬਹੁਤ ਜ਼ਿਆਦਾ ਸੀ, ਇਸ ਲਈ ਇਨਾਂ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਵੱਲ ਧਿਆਨ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਹੁਣ ਜਦ ਮੌਜੂਦਾ ਸਮੇਂ ਵਿੱਚ ਸੌਰ ਊਰਜਾ ਦੀ ਲਾਗਤ ਬਹੁਤ ਘੱਟ ਹੈ ਤਾਂ ਵੀ ਪੀ.ਐਸ.ਪੀ.ਸੀ.ਐਲ. ਵੱਲੋਂ ਇਨਾਂ ਮਹਿੰਗੀਆਂ ਦਰਾਂ ਦੀ ਅਦਾਇਗੀ ਕੀਤੀ ਜਾ ਰਹੀ ਹੈ, ਜੋ ਸਰਾਸਰ ਗ਼ਲਤ ਹੈ। ਬਿਜਲੀ ਖ਼ਰੀਦ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ. ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਬਿਜਲੀ ਖ਼ਰੀਦ ਸਬੰਧੀ ਦਰ ਕਾਫ਼ੀ ਘੱਟ ਹੈ, ਇਸ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਬਹੁਤ ਅਰਸਾ ਪਹਿਲਾਂ ਦਸਤਖ਼ਤ ਕੀਤੇ ਗਏ ਬਿਜਲੀ ਖ਼ਰੀਦ ਸਮਝੌਤਿਆਂ ਦੀਆਂ ਦਰਾਂ ਵਿੱਚ ਕਟੌਤੀ ਦੀਆਂ ਸੰਭਾਵਨਾਵਾਂ ਤਲਾਸਣ ਲਈ ਯਤਨ ਕੀਤੇ ਜਾ ਰਹੇ ਹਨ।