5th class student : ਲਹਿਰਾਗਾਗਾ : ਜੇਕਰ ਸਾਡੇ ਮਨ ‘ਚ ਕਿਸੇ ਚੀਜ਼ ਨੂੰ ਹਾਸਲ ਕਰਨ ਦਾ ਜਜ਼ਬਾ ਹੈ ਤੇ ਅਸੀਂ ਆਪਣੀ ਮਿਹਨਤ ਤੇ ਲਗਨ ਨਾਲ ਉਸ ਨੂੰ ਹਾਸਲ ਕਰ ਸਕਦੇ ਹਾਂ ਤੇ ਅਜਿਹੇ ਹੀ ਵਿਅਕਤੀ ਦੂਜਿਆਂ ਲਈ ਮਿਸਾਲ ਵੀ ਕਾਇਮ ਕਰਦੇ ਹਨ। ਅਜਿਹੀ ਹੀ ਇੱਕ ਉਦਾਹਰਣ ਲਹਿਰਗਾਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 5ਵੀਂ ‘ਚ ਪੜ੍ਹਨ ਵਾਲੇ ਜਸ਼ਨਦੀਪ ਨੇ ਪੇਸ਼ ਕੀਤੀ ਹੈ ਜਿਸ ਨੇ ਆਪਣੀਆਂ ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਸੂਬਾ ਪੱਧਰੀ ਪੋਸਟਰ ਮੁਕਾਬਲੇ ਪੇਂਟਿੰਗ ਮੁਕਾਬਲੇ ‘ਚ ਪਹਿਲਾ ਤੇ ਪੇਂਟਿੰਗ ਮੁਕਾਬਲੇ ‘ਚ ਪੂਰੇ ਸੰਗਰੂਰ ਜਿਲ੍ਹੇ ਤੋਂ ਦੂਜਾ ਸਥਾਨ ਹਾਸਲ ਕੀਤਾ ਹੈ। ਅਜਿਹਾ ਕਰਕੇ ਉਸ ਨੇ ਆਪਣੇ ਮਾਪਿਆਂ ਤੇ ਪੂਰੇ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।
ਕਹਿੰਦੇ ਹਨ ਕਿ ਵਿਅਕਤੀ ਨੂੰ ਸੁਪਨੇ ਉੱਚੇ ਦੇਖਣੇ ਚਾਹੀਦੇ ਹਨ ਕਿਉਂਕਿ ਜੇਕਰ ਉਹ ਸੁਪਨੇ ਚੰਗੇ ਦੇਖੇਗਾ ਤਾਂ ਹੀ ਉਸ ਦੇ ਮਨ ‘ਚ ਉਸ ਨੂੰ ਹਾਸਲ ਕਰਨ ਦੀ ਇੱਛਾ ਪੈਦਾ ਹੋਵੇਗੀ। ਲਹਿਰਗਾਗਾ ਦੇ ਇਸ ਵਿਦਿਆਰਥੀ ਜਸ਼ਨਦੀਪ ਦਾ ਸੁਪਨਾ ਹੈ ਕਿ ਉਹ ਵੱਡਾ ਹੋ ਕੇ ਜੱਜ ਬਣੇ ਤਾਂ ਜੋ ਉਹ ਲੋਕਾਂ ਨੂੰ ਇਨਸਾਫ ਦਿਵਾ ਸਕੇ ਤੇ ਉਸ ਦਾ ਇੱਕ ਹੋਰ ਵੀ ਸੁਪਨਾ ਹੈ ਕਿ ਉਹ ਗਰੀਬ ਬੱਚਿਆਂ ਦੀ ਪੜ੍ਹਾਈ ‘ਚ ਵੀ ਉਨ੍ਹਾਂ ਦੀ ਮਦਦ ਕਰ ਸਕੇ। ਕੋਰੋਨਾ ਮਹਾਮਾਰੀ ਕਾਰਨ ਭਾਵੇਂ ਸਕੂਲ ਪਿਛਲੇ 7 ਮਹੀਨਿਆਂ ਤੋਂ ਬੰਦ ਪਏ ਸਨ ਪਰ ਫਿਰ ਵੀ ਜਸ਼ਨਦੀਪ ਘਰ ਬੈਠਾ ਕੁਝ ਨਾ ਕੁਝ ਨਵਾਂ ਕਰਨ ਦੀ ਸੋਚਦਾ ਰਹਿੰਦਾ ਸੀ । ਜਸ਼ਨ ਦੀਆਂ ਲੱਤਾਂ ‘ਚ ਵੀ ਕੁਝ ਫਰਕ ਹੈ ਤੇ ਉਹ ਸਹੀ ਤਰੀਕੇ ਨਾਲ ਨਹੀਂ ਚੱਲ ਸਕਦਾ।
ਜਸ਼ਨਦੀਪ ਦੇ ਪਿਤਾ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਇਸ ਉਪਲਬਧੀ ‘ਤੇ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਜਸ਼ਨ ਦੀ ਇਸ ਪ੍ਰਾਪਤੀ ‘ਚ ਸਿਰਫ ਉਸ ਦਾ ਹੀ ਨਹੀਂ ਸਗੋਂ ਉਸ ਦੇ ਅਧਿਆਪਕਾਂ ਦਾ ਵੀ ਪੂਰਾ-ਪੂਰਾ ਸਹਿਯੋਗ ਹੈ ਕਿਉਂਕਿ ਕੋਰੋਨਾ ਕਾਲ ‘ਚ ਟੀਚਰ ਉਸ ਨੂੰ ਘਰ ਆ ਕੇ ਵੀ ਗਾਈਡ ਕਰਦੇ ਰਹੇ ਹਨ ਜਿਸ ਸਦਕਾ ਉਸ ਨੇ ਅੱਜ ਇਹ ਉਪਲਬਧੀ ਹਾਸਲ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ SDM ਲਹਿਰਾ ਦੇ ਕਹਿਣ ‘ਤੇ ਸੰਗਰੂਰ ਦੇ ਡੀ. ਸੀ. ਜਸ਼ਨ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਵਿਦਿਆਰਥੀ ਦੀ ਹੌਸਲਾ ਅਫਜਾਈ ਕੀਤੀ। ਉਥੇ ਜਾ ਕੇ ਡੀ. ਸੀ. ਸੰਗਰੂਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਜੇਕਰ ਜਸ਼ਨ ਦੀਆਂ ਲੱਤਾਂ ਦਾ ਇਲਾਜ ਕਰਵਾਇਆ ਜਾਵੇ ਤਾਂ ਉਹ ਠੀਕ ਹੋ ਸਕਦੀਆਂ ਹਨ। ਡੀ. ਸੀ. ਸੰਗਰੂਰ ਵੱਲੋਂ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਜਸ਼ਨ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ।