ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਅੱਜ ਕੇਂਦਰ ਸਰਕਾਰ ਨਾਲ ਅਹਿਮ ਗੱਲਬਾਤ ਹੋਵੇਗੀ।
ਚੰਡੀਗੜ੍ਹ ਵਿੱਚ ਹੋਣ ਵਾਲੀ ਇਸ ਗੱਲਬਾਤ ਵਿੱਚ ਕਿਸਾਨ ਜਥੇਬੰਦੀਆਂ ਦੇ 28 ਮੈਂਬਰ ਹਿੱਸਾ ਲੈਣਗੇ। ਦੁਪਹਿਰ 3 ਵਜੇ ਦੇ ਕਰੀਬ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਚੰਡੀਗੜ੍ਹ ਪਹੁੰਚ ਗਏ ਹਨ। ਕਿਸਾਨ ਮਜ਼ਦੂਰ ਮੋਰਚਾ ਦਾ ਵਫ਼ਦ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਚੰਡੀਗੜ੍ਹ ਪੁੱਜ ਗਿਆ ਹੈ। ਇਸ ਦੇ ਨਾਲ ਹੀ ਖਨੌਰੀ ਵਿਖੇ 80 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਐਂਬੂਲੈਂਸ ਰਾਹੀਂ ਚੰਡੀਗੜ੍ਹ ਪਹੁੰਚੇ। ਉਨ੍ਹਾਂ ਨੂੰ ਕਾਨਫਰੰਸ ਹਾਲ ਵਿਚ ਲਿਆਂਦਾ ਗਿਆ ਹੈ।
ਕੇਂਦਰ ਵੱਲੋਂ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ, ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਤੇ ਮੰਤਰੀ ਲਾਲ ਚੰਦ ਕਟਾਰੂਚਕ ਸ਼ਾਮਲ ਹਨ। ਸਰਵਨ ਪੰਧੇਰ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੀਟਿੰਗ ਵਿਚ ਕੋਈ ਹੱਲ ਨਾ ਨਿਕਲਿਆ ਤਾਂ ਕਿਸਾਨ ਦਿੱਲੀ ਕੂਚ ਕਰਨਗੇ।
ਹਾਲਾਂਕਿ ਹਰਿਆਣਾ ਦੀ ਭਾਰਤੀ ਕਿਸਾਨ ਯੂਨੀਅਨ (ਟਿਕੈਤ ਗਰੁੱਪ) ਅਤੇ ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਇਸ ਗੱਲਬਾਤ ਤੋਂ ਦੂਰ ਰਹਿਣਗੇ। ਦੋਵਾਂ ਜਥੇਬੰਦੀਆਂ ਦੇ ਪ੍ਰਧਾਨਾਂ ਦਾ ਕਹਿਣਾ ਹੈ ਕਿ ਖਨੌਰੀ ਸਰਹੱਦ ’ਤੇ ਧਰਨਾ ਦੇ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਦਾ ਪੂਰਾ ਸਮਰਥਨ ਹੈ ਪਰ ਉਹ ਧਰਨੇ ਦਾ ਹਿੱਸਾ ਨਹੀਂ ਹਨ। ਕਿਸਾਨ ਅੰਕੜਿਆਂ ਨਾਲ ਆਪਣੇ ਵਿਚਾਰ ਪੇਸ਼ ਕਰਨਗੇ। ਕਿਸਾਨਾਂ ਤੇ ਕੇਂਦਰੀ ਮੰਤਰੀ ਤੇ ਅਧਿਕਾਰੀਆਂ ਨਾਲ ਮੀਟਿੰਗ ਸ਼ੁਰੂ ਹੋ ਚੁੱਕੀ ਹੈ।
ਕਿਸਾਨ ਆਗੂ ਹਰਦੀਪ ਸਿੰਘ ਹਰਦੋ ਝੰਡੇ ਨੇ ਕਿਹਾ ਕਿ ਦੇਸ਼ ਦਾ ਕਿਸਾਨ ਪਿਛਲੇ ਇੱਕ ਸਾਲ ਤੋਂ ਸੜਕਾਂ ’ਤੇ ਹੈ। ਅਸੀਂ ਹਰ ਮੌਸਮ, ਗਰਮੀ ਅਤੇ ਸਰਦੀ ਦਾ ਸਾਹਮਣਾ ਕਰ ਰਹੇ ਹਾਂ। ਇਸ ਸੰਘਰਸ਼ ਵਿੱਚ ਸਭ ਤੋਂ ਵੱਡਾ ਯੋਗਦਾਨ ਜਗਜੀਤ ਸਿੰਘ ਡੱਲੇਵਾਲ ਦਾ ਹੈ। ਸਰਕਾਰ 55 ਦਿਨਾਂ ਬਾਅਦ ਜਾਗੀ ਹੈ। ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਅੱਜ ਅਸੀਂ ਸਕਾਰਾਤਮਕ ਵਿਚਾਰਾਂ ਨਾਲ ਇਸ ਮੀਟਿੰਗ ਵਿੱਚ ਜਾ ਰਹੇ ਹਾਂ। ਹੁਣ ਅਸੀਂ ਚਰਚਾ ਕਰਾਂਗੇ ਕਿ ਅੱਗੇ ਕੀ ਕਰਨਾ ਹੈ। ਸਾਡੀ ਕੋਸ਼ਿਸ਼ ਰਹੇਗੀ ਕਿ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਜਿਵੇਂ ਕਿ ਐਮਐਸਪੀ ਗਾਰੰਟੀ ਐਕਟ, ਸਵਾਮੀਨਾਥਨ ਦੀ ਰਿਪੋਰਟ ਅਤੇ ਕਰਜ਼ਾ ਮੁਕਤੀ ਨੂੰ ਪੂਰਾ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:
