6 corona Patients Died: ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਜਿਸ ਨਾਲ ਕੋਰੋਨਾ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਵਿਚਾਲੇ ਹੁਣ ਆਸੀਜਨ ਦੀ ਕਮੀ ਕਾਰਨ ਹਾਹਾਕਾਰ ਮਚਣੀ ਸ਼ੁਰੂ ਹੋ ਗਈ ਹੈ। ਇਸੇ ਵਿਚਾਲੇ ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਨੀਵਾਰ ਸਵੇਰੇ ਇੱਕ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਕਾਰਨ 6 ਮਰੀਜ਼ਾਂ ਦੀ ਮੌਤ ਹੋ ਗਈ ਹੈ।
ਦਰਅਸਲ, ਇਹ ਮਾਮਲਾ ਅੰਮ੍ਰਿਤਸਰ ਵਿੱਚ ਫਤਹਿਗੜ੍ਹ ਚੂੜੀਆਂ ਸਥਿਤ ਇੱਕ ਹਸਪਤਾਲ ਤੋਂ ਸਾਹਮਣੇ ਆਇਆ ਹੈ। ਇਨ੍ਹਾਂ 6 ਲੋਕਾਂ ਲੋਕਾਂ ਵਿੱਚ 5 ਲੋਕ ਕੋਰੋਨਾ ਪਾਜ਼ੀਟਿਵ ਸਨ, ਜਦਕਿ ਇੱਕ ਮਰੀ ਕੋਰੋਨਾ ਨੇਗੇਟਿਵ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਮੌਕੇ ‘ਤੇ ਪਹੁੰਚ ਕੇ ਹਸਪਤਾਲ ਖ਼ਿਲਾਫ਼ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਵਿੱਚ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ।
ਇਸ ਘਟਨਾ ਸਬੰਧੀ ਹਸਪਤਾਲ ਦੇ MD ਨੇ ਪ੍ਰਸ਼ਾਸਨ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ, ਪਰ ਨਿੱਜੀ ਹਸਪਤਾਲਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਆਕਸੀਜਨ ਦੀ ਕਮੀ ਹੋਣ ਕਾਰਨ ਅਸੀਂ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਮਨ੍ਹਾਂ ਕਰ ਰਹੇ ਹਾਂ, ਪਰ ਜਦੋਂ ਮਰੀਜ਼ ਇਲਾਜ ਕਰਵਾਉਣ ਦੀ ਜਿੱਦ ਕਰਨ ਲੱਗ ਜਾਂਦਾ ਹੈ ਤਾਂ ਉਨ੍ਹਾਂ ਤੋਂ ਲਿਖਿਤ ਰੂਪ ਵਿੱਚ ਲਿਖਵਾਇਆ ਜਾਂਦਾ ਹੈ ਕਿ ਕਿਸੇ ਵੀ ਹਾਦਸੇ ਦੇ ਹੋਣ ਲਈ ਹਸਪਤਾਲ ਪ੍ਰਸ਼ਾਸਨ ਜਿੰਮੇਵਾਰ ਨਹੀਂ ਹੋਵੇਗਾ।