A fire broke : ਪਠਾਨਕੋਟ ਸ਼ਹਿਰ ‘ਚ ਡਲਹੌਜੀ ਰੋਡ ‘ਤੇ ਅੱਜ ਸਵੇਰੇ ਅਚਾਨਕ ਇੱਕ ਮੋਬਾਈਲ ਟੈਲੀਕਾਮ ਦੀ ਦੁਕਾਨ ‘ਤੇ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਬੁੱਧਵਾਰ ਸਵੇਰੇ ਹੋਈ ਅਤੇ ਆਸ-ਪਾਸ ਦੇ ਲੋਕਾਂ ਨੂੰ ਅੱਗ ਲੱਗਣ ਬਾਰੇ ਪਤਾ ਉਦੋਂ ਲੱਗਿਆ ਜਦੋਂ ਮੋਬਾਈਲ ਦੀ ਦੁਕਾਨ ਤੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਇਸ ਤੋਂ ਬਾਅਦ ਦੁਕਾਨ ਮਾਲਕ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।
ਮੌਕੇ ‘ਤੇ ਦੁਕਾਨ ਮਾਲਕ ਸਤਪਾਲ ਪੁੱਜੇ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਉਹ ਦੁਕਾਨ ‘ਤੇ ਆਏ ਤਾਂ ਦੇਖਿਆ ਕਿ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਅੰਦਰ ਵੀ ਧੂੰਆਂ ਹੀ ਧੂੰਆਂ ਸੀ। ਉਨ੍ਹਾਂ ਨੇ ਆਪਣੀ ਨਾਲ ਵਾਲੀ ਦੁਕਾਨ ਦੇ ਮਾਲਕ ਨੂੰ ਦੱਸਿਆ ਕਿ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਜਦੋਂ ਤਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਦੁਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਦੁਕਾਨ ‘ਚ ਫੋਨ, ਬੈਟਰੀ ਤੇ ਟੈਲੀਕਾਮ ਨਾਲ ਸਬੰਧਤ ਕਾਫੀ ਮਹਿੰਗਾ ਸਾਮਾਨ ਪਿਆ ਹੋਇਆ ਸੀ। ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਦੁਕਾਨ ਦੇ ਮਾਲਕ ਸਤਪਾਲ ਦਾ ਕਹਿਣਾ ਹੈ ਕਿ ਅਜੇ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ।