A mountain of: ਜਲਾਲਾਬਾਦ ਦੇ ਪਿੰਡ ਪ੍ਰਭਾਤਸਿੰਘ ਵਾਲਾ ਵਿਖੇ ਇੱਕ ਅਜਿਹੇ ਦੁਖੀ ਪਰਿਵਾਰ ਸਾਹਮਣੇ ਆਇਆ ਹੈ, ਜਿਸ ਬਾਰੇ ਸੁਣ ਕੇ ਮਨ ਪਸੀਜ ਜਾਂਦਾ ਹੈ । ਇਸ ਪਰਿਵਾਰ ਦੇ 7 ਬੱਚੇ ਸਨ ਜਿਨ੍ਹਾਂ ‘ਚੋਂ 3 ਦੀ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਹੈ ਤੇ ਬਾਕੀ ਚਾਰ ਬੱਚੇ ਭਿਆਨਕ ਬੀਮਾਰੀ ਨਾਲ ਜੂਝ ਰਹੇ ਹਨ। ਉਹ ਮੰਦਬੁੱਧੀ ਹਨ ਪਰ ਪ੍ਰਸ਼ਾਸਨ ਵੱਲੋਂ ਅੱਜ ਤਕ ਇਸ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ ਗਈ। ਪਰਿਵਾਰ ਆਰਥਿਕ ਪੱਖੋਂ ਵੀ ਬਹੁਤ ਮੁਸ਼ਕਲ ਦੌਰ ‘ਚੋਂ ਲੰਘ ਰਿਹਾ ਹੈ। ਪਰਿਵਾਰ ਕੋਲ ਪਹਿਲਾਂ 5 ਕਿੱਲੇ ਜ਼ਮੀਨ ਸੀ ਤੇ ਜਿਸ ‘ਚੋਂ 3 ਕਿੱਲੇ ਬੱਚਿਆਂ ਦੇ ਇਲਾਜ ਲਈ ਵਿੱਕ ਚੁੱਕੀ ਹੈ, ਜਿਸ ਨੂੰ ਬੱਚਿਆਂ ਦੇ ਇਲਾਜ ‘ਤੇ ਖਰਚ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪਰਿਵਾਰ ‘ਤੇ ਲਗਭਗ 15 ਲੱਖ ਦਾ ਕਰਜ਼ਾ ਵੀ ਹੈ।
ਬੱਚਿਆਂ ਦੀ ਦਾਦੀ ਸੁਮਿਤਰਾ ਦੇਵੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚਾਰ ਬੱਚੇ 2 ਸਾਲ ਤੱਕ ਹੌਲੀ-ਹੌਲੀ ਤਾਂ ਤੁਰਨ ਲੱਗੇ ਪਰ ਆਮ ਬੱਚਿਆਂ ਵਾਂਗ ਦੌੜ ਨਹੀਂ ਪਾਉਂਦੇ ਸਨ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੱਚਿਆਂ ਦਾ ਜਲਦ ਹੀ ਆਪ੍ਰੇਸ਼ਨ ਕਰਵਾ ਕੇ ਇਲਾਜ ਕੀਤਾ ਜਾਣਾ ਚਾਹੀਦਾ ਹੈ। ਸੁਮਿਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਇੰਨੇ ਮਾੜੇ ਹਨ ਕਿ ਉਹ ਬੱਚਿਆਂ ਦਾ ਇਲਾਜ ਤੱਕ ਨਹੀਂ ਕਰਵਾ ਸਕਦੇ ਪਰ ਹੁਣ ਚਾਰੋਂ ਬੱਚੇ ਸਰੀਰਕ ਪੱਖੋਂ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਗਏ ਹਨ ਤੇ ਖੁਦ ਜਾ ਕੇ ਬਾਥਰੂਮ ਤੱਕ ਵੀ ਨਹੀਂ ਕਰ ਸਕਦੇ ਤੇ ਹੁਣ ਉਨ੍ਹਾਂ ਨੂੰ ਚੁੱਕਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ। ਬੱਚਿਆਂ ‘ਚੋਂ ਕੁੜੀਆਂ ਦੀ ਉਮਰ ਲਗਭਗ 21-22 ਸਾਲ ਹੈ ਪਰ ਉਹ ਕੁਝ ਵੀ ਕਰਨ ਤੋਂ ਅਸਮਰੱਥ ਹਨ ਜਿਸ ਕਾਰਨ ਪਰਿਵਾਰ ਵਾਲਿਆਂ ਨੂੰ ਬੱਚਿਆਂ ਨੂੰ ਸੰਭਾਲਣ ‘ਚ ਬਹੁਤ ਪ੍ਰੇਸ਼ਾਨੀ ਆਉਂਦੀ ਹੈ।
ਇਸ ਮੌਕੇ ਬੱਚਿਆਂ ਦੀ ਮਾਂ ਨੇ ਵੀ ਸਾਰੀ ਸਥਿਤੀ ‘ਤੇ ਚਾਨਣਾ ਪਾਇਆ। ਮਾਂ ਨੇ ਦੱਸਿਆ ਕਿ ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਗਏ ਉਨ੍ਹਾਂ ਦੀ ਤਬੀਅਤ ਜ਼ਿਆਦਾ ਖਰਾਬ ਹੁੰਦੀ ਗਈ। ਉਨ੍ਹਾਂ ਕਿਹਾ ਕਿ ਸਿਆਸੀ ਲੀਡਰਾਂ ਵੱਲੋਂ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਹਨ ਕਿ ਉਹ ਪਰਿਵਾਰ ਦੀ ਮਦਦ ਕਰਨਗੇ ਪਰ ਵੋਟਾਂ ਲੈਣ ਤੋਂ ਬਾਅਦ ਉਹ ਸਾਰਾ ਕੁਝ ਭੁੱਲ ਜਾਂਦੇ ਹਨ। 4 ਬੱਚਿਆਂ ਦੇ ਪਿਓ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਦੇ ਇਲਾਜ ਬਹੁਤ ਥਾਵਾਂ ‘ਤੇ ਧੱਕੇ ਖਾਧੇ। ਇਸ ਲਈ ਉਹ ਅੰਮ੍ਰਿਤਸਰ ਤੋਂ ਲੈ ਕੇ ਜੋਧਪੁਰ ਤੱਕ ਗਏ ਪਰ ਬੱਚਿਆਂ ਦੇ ਹਾਲਾਤ ‘ਚ ਕੋਈ ਸੁਧਾਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ।
ਕਰਜ਼ੇ ਬਾਰੇ ਪੁੱਛੇ ਜਾਣ ‘ਤੇ ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕਰਜ਼ੇ ‘ਚ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਦਿੱਤੀ ਗਈ। ਬੱਚਿਆਂ ਲਈ ਸਿਰਫ 750 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ ਜੋ ਕਿ ਨਾਕਾਫੀ ਹੈ। ਪਰਿਵਾਰ ਦੀ ਮੰਗ ਹੈ ਕਿ ਬੱਚਿਆਂ ਦੇ ਇਲਾਜ ਲਈ ਸਰਕਾਰ ਵੱਲੋਂ ਕੋਈ ਮਦਦ ਕੀਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਦਾ ਕੁਝ ਕਰਜ਼ਾ ਮੁਆਫ ਕੀਤਾ ਜਾਣਾ ਚਾਹੀਦਾ ਹੈ।