Farmers are demanding : ਪੰਜਾਬ ‘ਚ ਮਾਲ ਗੱਡੀਆਂ ਨੂੰ ਰੋਕੇ ਜਾਣ ‘ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ। ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਪੰਜਾਬ ‘ਚ ਮਾਲਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਤਾਂ ਹੀ ਦਿੱਤੀ ਜਾਵੇਗੀ ਜੇ ਪੰਜਾਬ ਸਰਕਾਰ ਰੇਲਵੇ ਦੇ ਮੁਲਾਜ਼ਮਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦੀ ਹੈ। ਇਸ ‘ਤੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਰੇਲਵੇ ਮੰਤਰਾਲੇ ਡਰਾਈਵਰ ਤੇ ਗਾਰਡ ਦੀ ਸੁਰੱਖਿਆ ਦੀ ਗਾਰੰਟੀ ਮੰਗ ਰਿਹਾ ਹੈ ਇਸੇ ਤਰ੍ਹਾਂ ਕਿਸਾਨ ਆਪਣੀ ਫਸਲ ‘ਤੇ MSP ਦੀ ਗਾਰੰਟੀ ਮੰਗ ਰਹੇ ਹਨ। ਉਨ੍ਹਾਂ ਨੂੰ ਕੋਈ ਰੇਲਾਂ ਰੋਕਣ ਦਾ ਸ਼ੋਕ ਨਹੀਂ ਹੈ। ਇਹ ਤਾਂ ਮੋਦੀ ਸਰਕਾਰ ਵੱਲੋਂ ਹੁਣ ਬਦਲਾਖੋਰ ਨੀਤੀ ਅਪਣਾਈ ਜਾ ਰਹੀ ਹੈ।
ਅੱਜ ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਵਿਖੇ ਕਿਸਾਨਾਂ ਵੱਲੋਂ 5 ਨਵੰਬਰ ਨੂੰ ਦੇਸ਼ ਭਰ ‘ਚ ਚੱਕਾ ਜਾਮ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ ਤੇ ਨਾਲ ਹੀ ਉਨ੍ਹਾਂ ਨੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਇਸ ਸੰਘਰਸ਼ ਨੂੰ ਵਿੱਢਣ ਦੀ ਅਪੀਲ ਕੀਤੀ ਤੇ ਨਾਲ ਹੀ ਕਿਹਾ ਕਿ ਅੱਜ ਤੱਕ ਕਿਸਾਨਾਂ ਵੱਲੋਂ ਸ਼ਾਂਤੀਪੂਰਨ ਤਰੀਕੇ ਨਾਲ ਹੀ ਧਰਨੇ ਤੇ ਰੋਸ ਮੁਜ਼ਾਹਰੇ ਕੀਤੇ ਜਾਂਦੇ ਰਹੇ ਹਨ ਪਰ ਕੇਂਦਰ ਵੱਲੋਂ ਉਨ੍ਹਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਮਾਲੱਗਡੀਆਂ ਨੂੰ ਰੋਕੇ ਜਾਣ ਦੇ ਫੈਸਲੇ ‘ਤੇ ਕਿਸਾਨਾਂ ਦਾ ਰੋਹ ਹੋਰ ਫੁੱਟ ਗਿਆ ਹੈ ਤੇ ਉਨ੍ਹਾਂ ਨੇ ਸੰਘਰਸ਼ ਨੂੰ ਤੇਜ਼ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਵੀ ਇਸ ਮਾਮਲੇ ‘ਤੇ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਨਿੱਜੀ ਦਖਲ ਦੇਣ ਲਈ ਕਿਹਾ ਸੀ ਇਸ ‘ਤੇ ਉਨ੍ਹਾਂ ਨੇ ਰੇਲਵੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਬਾਰੇ ਕਿਹਾ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਭਰ ‘ਚ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਹੈ ਤੇ ਕੈਪਟਨ ਸਰਕਾਰ ਵੱਲੋਂ ਵਾਰ-ਵਾਰ ਕਹੇ ਜਾਣ ‘ਤੇ ਕਿਸਾਨ ਜਥੇਬੰਦੀਆਂ ਵੱਲੋਂ 21 ਅਕਤੂਬਰ ਨੂੰ ਕੁਝ ਸ਼ਰਤਾਂ ਸਮੇਤ ਮਾਲਗੱਡੀਆਂ ਨੂੰ ਚਲਾਏ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਹੁਣ ਕੇਂਦਰ ਵੱਲੋਂ ਗਲਤ ਰਵੱਈਆ ਅਪਣਾਇਆ ਜਾ ਰਿਹਾ ਹੈ। ਇਸੇ ‘ਤੇ ਮੁੱਖ ਮੰਤਰੀ ਵੀ ਚਿੰਤਤ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਇਸ ਫੈਸਲੇ ਨਾਲ ਪੰਜਾਬ ‘ਚ ਅਮਨ, ਸ਼ਾਂਤੀ ਭੰਗ ਹੋਣ ਦਾ ਡਰ ਹੈ।