ਕੇਂਦਰ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ ‘ਚ ਕੀਤੀ ਗਈ ਦੇਰੀ ਦਾ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨ ਬਹੁਤ ਚਿੰਤਤ ਹਨ।
ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲਬਾਤ ਕੀਤੀ ਸੀ ਪਰ ਅਜੇ ਤੱਕ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਜਿਸ ਕਾਰਨ ਕਿਸਾਨਾਂ ਵਿਚ ਨਾਰਾਜ਼ਗੀ ਹੈ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੋਸ ਵਜੋਂ ਅੱਜ ਕਾਂਗਰਸੀ ਤੇ ਭਾਜਪਾ ਵਿਧਾਇਕਾਂ ਦੇ ਘਰ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਝੋਨੇ ਦੀ ਖਰੀਦ ਜਲਦ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਕੇਜਰੀਵਾਲ ਨੇ ਝੋਨੇ ਦੀ ਖਰੀਦ ਨੂੰ ਮੁਲਤਵੀ ਕਰਨ ‘ਤੇ ਪ੍ਰਤੀਕਿਰਿਆ ਦਿੰਦਿਆਂ ਇੱਕ ਟਵੀਟ ਕੀਤਾ ਹੈ, ਉਨ੍ਹਾਂ ਟਵੀਟ ਕਰ ਕਿਹਾ ਹੈ ਕਿ, “ਪੰਜਾਬ ਦੇ ਕਿਸਾਨ ਬਹੁਤ ਪ੍ਰੇਸ਼ਾਨ ਹਨ, ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ 10 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ, ਕਿਸਾਨ ਆਪਣੇ ਟਰੈਕਟਰਾਂ ਸਣੇ ਲੱਖਾਂ ਕੁਇੰਟਲ ਝੋਨਾ ਲੈ ਕੇ ਮੰਡੀਆਂ ਦੇ ਬਾਹਰ ਖੜ੍ਹਾ ਹੈ। ਸਰਕਾਰ ਨੂੰ ਅਪੀਲ ਹੈ, ਕੱਲ੍ਹ ਤੋਂ ਹੀ ਝੋਨੇ ਦੀ ਖਰੀਦ ਸ਼ੁਰੂ ਕਰਵਾਉ। ਕਾਂਗਰਸ ਸਰਕਾਰ ਨੂੰ ਵੀ ਆਪਣਾ ਕਲੇਸ਼ ਛੱਡ ਕੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।”