Kejriwal attacks on punjab cm: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਹੁਣ ਇੱਕ ਵੱਡਾ ਰੂਪ ਧਾਰਨ ਕਰ ਰਿਹਾ ਹੈ। ਕਿਸਾਨ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਾਂ ਲਈ ਦਿੱਲੀ ਵੱਲ ਵੱਧ ਰਹੇ ਹਨ, ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਪ੍ਰਦਰਸ਼ਨ ਲਗਾਤਾਰ ਸੱਤਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਖੇਤੀਬਾੜੀ ਕਾਨੂੰਨਾਂ ਨੂੰ ਰੋਕਣ ਦੇ ਬਹੁਤ ਮੌਕੇ ਸਨ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਕੇਜਰੀਵਾਲ ਇਹ ਵੀ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਟੇਡੀਅਮ ਨੂੰ ਜੇਲ੍ਹ ਵਜੋਂ ਨਹੀਂ ਵਰਤਣ ਦੇਣ ਕਾਰਨ ਮੇਰੇ ਨਾਲ ਨਾਰਾਜ਼ ਹੈ।
ਆਮ ਆਦਮੀ ਪਾਰਟੀ (ਆਪ) ਦੇ ਮੁਖੀ ਕੇਜਰੀਵਾਲ ਨੇ ਕਿਹਾ, “ਅੱਜ ਪੂਰਾ ਦੇਸ਼ ਵੇਖ ਰਿਹਾ ਹੈ ਕਿ ਸਾਡੇ ਦੇਸ਼ ਦੇ ਕਿਸਾਨ ਕੜਾਕੇ ਦੀ ਠੰਡ ਵਿੱਚ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਰਾਤ ਨੂੰ ਖੁੱਲੇ ਅਸਮਾਨ ਥੱਲੇ ਸੌਂ ਰਿਹਾ ਹੈ। ਇਹ ਸੋਚ ਕੇ ਨੀਂਦ ਨਹੀਂ ਆਉਂਦੀ। ਅੱਜ, ਕੋਈ ਵੀ ਦੇਸ਼ ਭਗਤ ਸ਼ਾਂਤੀ ਨਾਲ ਨਹੀਂ ਸੌਂ ਸਕਦਾ। ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ, ਇਹ ਸਾਡੇ ਸਾਰਿਆਂ ਦੀ ਲੜਾਈ ਹੈ। ਉਨ੍ਹਾਂ ਕਿਹਾ, “ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੇਰੇ ਉੱਤੇ ਦੋਸ਼ ਲਾਇਆ ਕਿ ਮੈਂ ਇਹ ਕਾਲੇ ਕਾਨੂੰਨ ਦਿੱਲੀ ਵਿੱਚ ਲਾਗੂ ਕੀਤੇ ਹਨ। ਇੰਨੇ ਨਾਜ਼ੁਕ ਮੋੜ ‘ਤੇ ਵੀ ਕੈਪਟਨ ਸਹਿਬ ਅਜਿਹੀ ਡਿੱਗੀ ਰਾਜਨੀਤੀ ਕਿਵੇਂ ਕਰ ਸਕਦੇ ਹਨ। ਇਹ ਤਿੰਨੋ ਕੇਂਦਰ ਦੇ ਕਾਨੂੰਨ ਹਨ। ਇਹ ਕਿਸੇ ਵੀ ਰਾਜ ਸਰਕਾਰ ‘ਤੇ ਨਿਰਭਰ ਨਹੀਂ ਕਰਦੇ ਕਿ ਇਹ ਲਾਗੂ ਕਰੇਗੀ ਜਾਂ ਨਹੀਂ।”
ਕੇਜਰੀਵਾਲ ਨੇ ਕਿਹਾ, “ਅਸੀਂ ਦਿੱਲੀ ਦੇ ਸਟੇਡੀਅਮ ਨੂੰ ਜੇਲ੍ਹ ਬਣਾਉਣ ਤੋਂ ਰੋਕਿਆ ਹੈ। ਉਸ ਸਮੇਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਸਾਡੇ ਨਾਲ ਬਹੁਤ ਨਾਰਾਜ਼ ਹੈ। ਕੇਂਦਰ ਸਰਕਾਰ ਦੀ ਯੋਜਨਾ ਸੀ ਕਿ ਸਾਰੇ ਕਿਸਾਨ ਜੋ ਦਿੱਲੀ ਆਉਣਗੇ ਉਨ੍ਹਾਂ ਨੂੰ ਸਟੇਡੀਅਮ ਵਿੱਚ ਬਿਠਾਉਣਗੇ। ਮੇਰੇ ‘ਤੇ ਦਬਾਅ ਸੀ, ਮੈਨੂੰ ਕਿਸ-ਕਿਸ ਦਾ ਫੋਨ ਨਹੀਂ ਆਇਆ ਸਟੇਡੀਅਮ ਲਈ। ਕੈਪਟਨ ਸਰ, ਕੀ ਇਨ੍ਹਾਂ ਲੋਕਾਂ ਦਾ ਹੀ ਥੋਡੇ ‘ਤੇ ਦਬਾਅ ਹੈ ਜੋ ਮੇਰੇ ਖਿਲਾਫ ਝੂਠੇ ਦੋਸ਼ ਲਗਾ ਰਹੇ ਹਨ? ਕੀ ਭਾਜਪਾ ਨਾਲ ਦੋਸਤੀ ਹੈ ਜਾਂ ਕੋਈ ਹੋਰ ਦਬਾਅ? ” ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਮੁੱਖ ਮੰਤਰੀ ਕੋਲ ਬਿੱਲ ਨੂੰ ਰੋਕਣ ਦੇ ਬਹੁਤ ਮੌਕੇ ਸਨ। ਤੁਸੀਂ ਪਹਿਲਾਂ ਕਾਨੂੰਨ ਨੂੰ ਕਿਉਂ ਨਹੀਂ ਰੋਕਿਆ? ਅੱਜ ਇਥੇ ਦਿੱਲੀ ਦੇ ਬਾਹਰਵਾਰ ਪੰਜਾਬ ਦੇ ਕਿਸਾਨ ਹਨ। ਕੁੱਝ ਲੋਕ ਕਿਸਾਨਾਂ ਨੂੰ ਅੱਤਵਾਦੀ ਅਤੇ ਗੱਦਾਰ ਕਹਿ ਰਹੇ ਹਨ। ਸਰਹੱਦ ‘ਤੇ ਤੈਨਾਤ ਸੈਨਿਕਾਂ ‘ਤੇ ਕੀ ਵਾਪਰੇਗਾ, ਜਿਨ੍ਹਾਂ ਦੇ ਮਾਪਿਆਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਸਾਰਿਆਂ ਨੂੰ ਅਪੀਲ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ। ਕਿਸਾਨਾਂ ਦੀ ਸੇਵਾ ਕਰਨ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਸੁਣਨ ਅਤੇ ਐਮਐਸਪੀ ਦੀ ਗਰੰਟੀ ਦੇਣ।
ਇਹ ਵੀ ਦੇਖੋ : ਕੇਂਦਰ ਨੂੰ ਝੁਕਾਉਣ ਲਈ ਬਣਾਈ ਰਣਨੀਤੀ, ਸੁਣੋ ਮੀਟਿੰਗ ਦੇ ਵੱਡੇ ਫ਼ੈਸਲੇ Live