ਵੀਰਵਾਰ ਨੂੰ ਟਿਕਰੀ ਬਾਰਡਰ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ, ਇੱਥੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ 6 ਅੰਦੋਲਨਕਾਰੀ ਮਹਿਲਾ ਕਿਸਾਨਾਂ ਨੂੰ ਕੁਚਲ ਦਿੱਤਾ। ਟਿੱਪਰ ਨੇ ਡਿਵਾਈਡਰ ‘ਤੇ ਬੈਠੀਆਂ ਮਹਿਲਾ ਕਿਸਾਨਾਂ ਨੂੰ ਕੁਚਲ ਦਿੱਤਾ ਸੀ।
ਹਾਦਸੇ ਤੋਂ ਬਾਅਦ ਤਿੰਨ ਬਜ਼ੁਰਗ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਦੀ ਹਾਲਤ ਗੰਭੀਰ ਹੈ। ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਇੱਕ ਮਹਿਲਾ ਦੀ ਹਸਪਤਾਲ ‘ਚ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦੁੱਖ ਜਤਾਇਆ ਹੈ। ਕੇਜਰੀਵਾਲ ਨੇ ਟਵੀਟ ਕਰ ਕਿਹਾ, “ਹਾਦਸਾ ਬਹੁਤ ਦੁਖਦ ਹੈ। ਮੈਂ ਵਾਹਿਗੁਰੂ ਅੱਗੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ। ਜੇਕਰ ਕੇਂਦਰ ਸਰਕਾਰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤਾਂ ਸਾਡੇ ਕਿਸਾਨ ਪਰਿਵਾਰਾਂ ਨੂੰ ਇਸ ਤਰ੍ਹਾਂ ਸੜਕਾਂ ‘ਤੇ ਨਹੀਂ ਬੈਠਣਾ ਪਵੇਗਾ। ਅਜਿਹੇ ਦਰਦਨਾਕ ਹਾਦਸੇ ਕਦੇ ਨਹੀਂ ਵਾਪਰਨਗੇ।”
ਦਰਅਸਲ ਇਹ ਮਹਿਲਾਵਾਂ ਘਰ ਜਾਣ ਲਈ ਆਟੋ ਦੀ ਉਡੀਕ ਕਰ ਰਹੀਆਂ ਸਨ। ਇਹ ਸਾਰੀਆਂ ਮਹਿਲਾਵਾਂ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਸਨ ਅਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਸਨ। ਇਹ ਘਟਨਾ ਝੱਜਰ ਰੋਡ ‘ਤੇ ਫਲਾਈਓਵਰ ਦੇ ਹੇਠਾਂ ਵਾਪਰੀ ਹੈ। ਤੇਜ਼ ਰਫ਼ਤਾਰ ਟਿੱਪਰ ਮਿੱਟੀ ਨਾਲ ਭਰਿਆ ਹੋਇਆ ਸੀ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਅੰਦੋਲਨਕਾਰੀ ਮਹਿਲਾ ਕਿਸਾਨ ਰੋਟੇਸ਼ਨ ਤਹਿਤ ਘਰ ਵਾਪਿਸ ਜਾ ਰਹੀਆਂ ਸਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਕਿਸਾਨ ਮ੍ਰਿਤਕ ਮਹਿਲਾਵਾਂ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਪਹਿਲਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਕਿਸਾਨਾਂ ਨੇ ਇਸ ਹਾਦਸੇ ਪਿੱਛੇ ਕਿਸੇ ਸਾਜ਼ਿਸ਼ ਦਾ ਸ਼ੱਕ ਜਤਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: