sanjay singh targets pm modi says: ਨਵੀਂ ਦਿੱਲੀ: ਕਿਸਾਨ ਬਿੱਲ ਦਾ ਵਿਰੋਧ ਕਰ ਰਹੇ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ ਚਾਹ ਲਈ ਹੀ ਨਹੀਂ ਬਲਕਿ ਕਿਸਾਨਾਂ ਲਈ ਲੜ ਰਹੇ ਹਨ। ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਬਿਨਾਂ ਵੋਟ ਦੇ ਗੈਰ ਸੰਵਿਧਾਨਕ ਢੰਗ ਨਾਲ ਪਾਸ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਰਾਜ ਸਭਾ ਦੇ ਉਪ ਚੇਅਰਮੈਨ ਹਰਿਵੰਸ਼ ਸੰਸਦ ਭਵਨ ਵਿੱਚ ਧਰਨੇ ‘ਤੇ ਬੈਠੇ ਅੱਠ ਸੰਸਦ ਮੈਂਬਰਾਂ ਲਈ ਚਾਹ ਅਤੇ ਸਨੈਕਸ ਲੈ ਕੇ ਪਹੁੰਚੇ ਸਨ। ਹਾਲਾਂਕਿ, ਇਨ੍ਹਾਂ ਸੰਸਦ ਮੈਂਬਰਾਂ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਪੀਐਮ ਮੋਦੀ ਨੇ ਹਰੀਵੰਸ਼ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ। ਇਸ ‘ਤੇ ਚੁਟਕੀ ਲੈਂਦਿਆਂ ਸੰਜੇ ਸਿੰਘ ਨੇ ਟਵੀਟ ਕੀਤਾ, “ਮੋਦੀ ਜੀ, ਅਸੀਂ ਆਪਣੀ ਚਾਹ ਲਈ ਨਹੀਂ ਲੜ ਰਹੇ। ਅਸੀਂ ਆਪਣੇ ਕਿਸਾਨਾਂ ਦੀ ਭਲਾਈ ਲਈ ਲੜ ਰਹੇ ਹਾਂ, ਜਿਸ ਨੂੰ ਤੁਸੀਂ ਖੋਹ ਲਿਆ ਹੈ। ਮੇਰੀ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਹੈ- ਮੈਂ ਤੁਹਾਡੀ ਚਾਹ ਨੂੰ ਪੂਰੇ ਸਤਿਕਾਰ ਨਾਲ ਵਾਪਿਸ ਕਰ ਰਿਹਾ ਹਾਂ, ਕਿਰਪਾ ਕਰਕੇ ਮੇਰੇ ਕਿਸਾਨਾਂ ਦਾ ਨਿਵਾਲਾ ਵਾਪਿਸ ਕਰੋ।”
ਇੱਕ ਹੋਰ ਟਵੀਟ ਵਿੱਚ ਸੰਜੇ ਸਿੰਘ ਨੇ ਕਿਹਾ, “ਸਾਡੀ ਮੁਅੱਤਲੀ ਕੋਈ ਮੁੱਦਾ ਨਹੀਂ ਹੈ, ਮੈਂ ਕਿਸਾਨਾਂ ਦੇ ਅਧਿਕਾਰ ਪ੍ਰਾਪਤ ਕਰਨ ਲਈ ਸਾਰੀ ਉਮਰ ਮੁਅੱਤਲ ਰਹਿਣ ਲਈ ਤਿਆਰ ਹਾਂ। ਮੋਦੀ ਜੀ, ਬਿਨਾਂ ਵੋਟ ਦੇ ਇਸ ਗੈਰ ਸੰਵਿਧਾਨਕ ਤੌਰ ‘ਤੇ ਪਾਸ ਕੀਤੇ ਇਸ ਕਾਲੇ ਕਾਨੂੰਨ ਨੂੰ ਵਾਪਿਸ ਲੈ ਲਓ। ਜੇ ਤੁਹਾਡੇ ਵਿੱਚ ਹਿੰਮਤ ਹੈ, ਤਾਂ ਵੋਟਿੰਗ ਕਰਵਾ ਕੇ ਦਿਖਾਓ।” ਇਸਦੇ ਨਾਲ ਹੀ ਉਨ੍ਹਾਂ ਕਿਹਾ, “ਕਾਂਗਰਸ, ਟੀਐਮਸੀ, ਡੀਐਮਕੇ, ਆਰਜੇਡੀ, ਐਸਪੀ, ਸ਼ਿਵ ਸੈਨਾ, ਐਨਸੀਪੀ, ਟੀਆਈਐਸ, ਸੀਪੀਐਮ, ਸੀਪੀਆਈ ਨੇ ਸਦਨ ਦਾ ਬਾਈਕਾਟ ਕੀਤਾ। ਇਹ ਮਸਲਾ ਉਹੀ ਹੈ, “ਕਿਸਾਨ ਵਿਰੋਧੀ ਕਾਲੇ ਕਾਨੂੰਨ ਨੂੰ ਵਾਪਿਸ ਲਓ, ਕਿਸਾਨਾਂ ਦਾ ਨਿਵਾਲਾ ਵਾਪਿਸ ਦਿਓ।”