Accused of insulting : ਫਤਿਹਗੜ੍ਹ ਸਾਹਿਬ : ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਵਿਖੇ ਦੋ ਥਾਵਾਂ ‘ਤੇ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਜਿਸ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਨਿਖੇਧੀ ਵੀ ਕੀਤੀ ਗਈ ਤੇ ਦੋਸ਼ੀ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਵੀ ਕੀਤੀ ਗਈ। ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਦੋਸ਼ੀ ਨੂੰ ਫਤਿਹਗੜ੍ਹ ਸਾਹਿਬ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਵਕੀਲ ਭਾਈਚਾਰੇ ਵੱਲੋਂ ਦੋਸ਼ੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਨੇ ਉਕਤ ਦੋਸ਼ੀ ਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।
ਦੋਸ਼ੀ ਦੀ ਪਛਾਣ ਸਹਿਜਵੀਰ ਸਿੰਘ (ਉਮਰ 19 ਸਾਲ) ਵਾਸੀ ਨਾਭਾ ਵਜੋਂ ਹੋਈ ਹੈ। ਉਕਤ ਦੋਸ਼ੀ ਨੇ ਪਹਿਲਾਂ ਫਤਿਹਗੜ੍ਹ ਸਾਹਿਬ ਵਿਖੇ ਤਰਖਾਣ ਮਜਾਰਾ ਨੇੜੇ ਗੁਰਦੁਆਰੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ। ਉਹ ਮੱਥਾ ਟੇਕਣ ਦੇ ਬਹਾਨੇ ਨਾਲ ਸਵਿਫਟ ਕਾਰ ‘ਚ ਆਇਆ ਸੀ ਤੇ ਉਸ ਦਾ ਦੂਜਾ ਦੋਸਤ ਬਾਹਰ ਕਾਰ ‘ਚ ਹੀ ਬੈਠਾ ਸੀ। ਇਸ ਤੋਂ ਬਾਅਦ ਪਿੰਡ ਜੱਲ੍ਹਾ ਵਿਖੇ ਵੀ ਉਸ ਨੇ ਦੁਬਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਤੇ ਫਿਰ ਦੋਸ਼ੀ ਦੀ ਪਛਾਣ ਉਸਦੇ ਪਿਤਾ ਦੁਆਰਾ ਵੀ ਕੀਤੀ ਗਈ ਹੈ, ਜਿਸਨੂੰ ਉਸਦੇ ਪੁੱਤਰ ਦੀ ਘਿਨਾਉਣੀ ਹਰਕਤ ਬਾਰੇ ਜਾਣਕਾਰੀ ਮਿਲਣ ਉਤੇ ਮੌਕੇ ਤੇ ਸੱਦਿਆ ਗਿਆ ਸੀ।