Advance bail should be given : ਚੰਡੀਗੜ੍ਹ : ਪੰਜਾਬ ਐਂਡ ਹਰਿਆਣਾ ਕੋਰਟ ਨੇ ਇਕ ਮਾਮਲੇ ’ਚ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਰੱਦ ਕਰਦੇ ਹੋਏ ਕਿਹਾ ਕਿ ਅਸਾਧਾਰਨ ਹਾਲਾਤਾਂ ਵਿਚ ਹੀ ਪੇਸ਼ਗੀ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਦਾ ਟੀਚਾ ਬੇਕਸੂਰ ਵਿਅਕਤੀ ਨੂੰ ਸ਼ੋਸ਼ਣ ਅਤੇ ਅਸੁਵਿਧਾ ਤੋਂ ਬਚਾਉਣਾ ਹੈ। ਪਰ ਅੱਜਕਲ ਪੇਸ਼ਗੀ ਜ਼ਮਾਨਤ ਆਮ ਕਰਕੇ ਦਿੱਤੀ ਜਾਣ ਲੱਗੀ ਹੈ, ਅਜਿਹਾ ਕਰਨ ’ਤੇ ਦੋਸ਼ੀ ਨੂੰ ਮਿਲ ਰਹੀ ਹੈ, ਜੋਕਿ ਨਹੀਂ ਹੋਣਾ ਚਾਹੀਦਾ। ਹਾਈਕੋਰਟ ਦੇ ਜਸਟਿਸ ਐਚ. ਐਸ. ਮਦਾਨ ਨੇ ਫਰੀਦਾਬਾਦ ਨਿਵਾਸੀ ਗਗਨ ਇੰਦਰ ਸਿੰਘ ਦੀ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਖਾਰਿਜ ਕਰਦਿਆਂ ਇਹ ਟਿੱਪਣੀ ਕੀਤੀ। ਪਟੀਸ਼ਨਕਰਤਾ ਖਿਲਾਫ ਐਨਆਈਟੀ ਫਰੀਦਾਬਾਦ ਵਿਚ ਇਕ ਮਸ਼ਹੂਰ ਸੈਲੂਨ ਮਾਲਕਿਨ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਦੋਸ਼ ਹੈ, ਜਿਸ ਅਧੀਨ ਉਸ ’ਤੇ ਮੁਕੱਦਮਾ ਦਰਜ ਕੀਤਾ ਗਿਆ ਸੀ।
ਸੈਲੂਨ ਦੀ ਮਾਲਕਣ ਨੇ 15 ਜੂਨ ਨੂੰ ਫਰੀਦਾਬਾਦ ਵਿਚ ਬੀਪੀਟੀਪੀ ਪੁਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ ਖਿਲਾਫ ਗੰਭੀਰ ਦੋਸ਼ ਹੋਣ ਦੇ ਚੱਲਦਿਆਂ ਉਸ ਨੂੰ ਪੂਰੀ ਅਤੇ ਅਸਰਦਾਰ ਢੰਗ ਨਾਲ ਜਾਂਚ ਲਈ ਹਿਰਾਸਤ ਵਿਚ ਰਖ ਕੇ ਪੁੱਛ-ਗਿੱਛ ਕਰਨੀ ਜ਼ਰੂਰੀ ਹੈ। ਅਜਿਹੇ ਮਾਮਲਿਆਂ ਵਿਚ ਪੇਸ਼ਗੀ ਜ਼ਮਾਨਤ ਦੇਣ ਨਾਲ ਜਾਂਚ ’ਤੇ ਉਲਟ ਅਸਰ ਪੈ ਸਕਦਾ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਫਰੀਦਾਬਾਦ ਪੁਲਿਸ ਵੱਲੋਂ ਸੈਕਟਰ-8 ਦੀ ਇਕ 63 ਸਾਲਾ ਔਰਤ ਦੀ ਸ਼ਿਕਾਇਤ ’ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਮੁਤਾਬਕ ਉਸ ਦੀ 39 ਸਾਲਾ ਕੁਆਰੀ ਧੀ ਅਤੇ ਉਹ ਐਨਆਈਟੀ, ਫਰੀਦਾਬਾਦ ਕੋਲ ਬਿਊਟੀ ਪਾਰਲਰ ਚਲਾ ਰਹੀ ਸੀ।
ਸ਼ਿਕਾਇਤ ਮੁਤਾਬਕ ਲੜਕੀ ਦਾ ਦੋਸ਼ੀ ਨਾਲ ਸਬੰਧ ਸੀ ਅਤੇ ਉਹ ਉਸ ਨੂੰ ਅਕਸਰ ਮਿਲਦੀ ਸੀ। 15 ਜੂਨ ਨੂੰ ਉਸ ਦੇ ਦੋਸਤ ਨੇ ਸੂਚਿਤ ਕੀਤਾ ਕਿ ਉਹ ਖੁਦਕੁਸ਼ੀ ਕਰਨ ਜਾ ਰਹੀ ਹੈ। ਜਦੋਂ ਤੱਕ ਔਰਤ ਬੀਪੀਟੀਪੀ ਪੁਲ ’ਤੇ ਪਹੁੰਚੀ ਉਤੋਂ ਤੱਕ ਉਹ ਪੁਲ ਤੋਂ ਛਾਲ ਮਾਰ ਚੁੱਕੀ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਉਸ ਦੀ ਧੀ ਨੇ ਆਪਣੇ ਦੋਸਤ ਦੇ ਨੰਬਰ ’ਤੇ ਮੈਸੇਜ ਭੇਜ ਕਿ ਕਿਹਾ ਸੀ ਉਸ ਦੀ ਮੌਤ ਲਈ ਦੋਸ਼ੀ ਅਤੇ ਉਸ ਦਾ ਪਰਿਵਾਰ ਜ਼ਿੰਮੇਵਾਰ ਹਨ ਅਤੇ ਦੋਸ਼ੀ ਨੇ ਉਸ ਨੂੰ ਧੋਖਾ ਦਿੱਤਾ ਹੈ, ਜਿਸ ’ਤੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਲਈ ਦੋਸ਼ੀ ਨੇ 29 ਜੂਨ ਨੂੰ ਪੇਸ਼ਗੀ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਹਾਈਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਹੈ।