ਸਰਦੂਲਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਛੱਡਣ ਦੇ ਤੁਰੰਤ ਬਾਅਦ ਕੇਂਦਰੀ ਏਜੰਸੀਆਂ ਨੇ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਮੁਹਿੰਮ ਵਿੱਢ ਦਿੱਤੀ ਸੀ ਅਤੇ ਉਨ੍ਹਾਂ ਨੇ ਆਪਣੇ ਹੀ ਬੰਦੇ ਲਗਾ ਕੇ ਅਕਾਲੀ ਦਲ ’ਤੇ ਬੇਅਦਬੀਆਂ ਕਰਨ ਦੇ ਦੋਸ਼ ਲਗਾ ਦਿੱਤੇ।
ਅਕਾਲੀ ਦਲ ਦੇ ਪ੍ਰਧਾਨ, ਜੋ ਇਥੇ ਪਾਰਟੀ ਦੇ ਉਮੀਦਵਾਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਜਿਹਨਾਂ ਨੇ 8 ਸਾਲ ਪਹਿਲਾਂ ਅਕਾਲੀ ਦਲ ’ਤੇ ਬੇਅਦਬੀਆਂ ਕਰਵਾਉਣ ਦੇ ਦੋਸ਼ ਲਗਾਏ ਉਹਨਾਂ ਵਿਚ ਅਖੌਤੀ ਪੰਥਕ ਆਗੂ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਸੀ ਜੋ ਹੁਣ ਭਾਜਪਾ ਵਿਚ ਸ਼ਾਮਲ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਅਤੇ ਕਮਜ਼ੋਰ ਕਰਨ ਲਈ ਇਕ ਲੁਕਵੇਂ ਏਜੰਡੇ ਤਹਿਤ ਕੰਮ ਕੀਤਾ ਗਿਆ।
ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਨਿਸ਼ਕਾਮ ਸੇਵਾ ਕੀਤੀ ਹੈ। ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂਆਂ ਨੂੰ 16 ਸਾਲਾਂ ਤੱਕ ਤਾਮਿਲਨਾਡੂ, ਕੋਇੰਬਟੂਰ ਤੇ ਪੰਚਮੜ੍ਹੀ ਵਰਗੀਆਂ ਥਾਵਾਂ ’ਤੇ ਜੇਲ੍ਹਾਂ ਵਿਚ ਰੱਖਿਆ ਗਿਆ। ਬਾਦਲ ਸਾਹਿਬ ਨੇ ਤਾਂ ਆਪਣੀ ਧੀ ਦੇ ਵਿਆਹ ਵਿਚ ਸ਼ਾਮਲ ਹੋਣ ਵਾਸਤੇ ਵੀ ਜ਼ਮਾਨਤ ਨਹੀਂ ਮੰਗੀ। ਉਹਨਾਂ ਕਿਹਾ ਕਿ ਹੁਣ ਹਾਲਾਤ ਬਦਲ ਗਏ ਹਨ ਤੇ ਜੇਲ੍ਹ ਜਾਣ ਦੇ ਇਕ ਸਾਲ ਦੇ ਅੰਦਰ ਹੀ ਲੋਕ ਬਾਹਰ ਆਉਣਾ ਚਾਹੁੰਦੇ ਹਨ।
ਸ. ਬਾਦਲ ਨੇ ਭਾਜਪਾ ਵੱਲੋਂ ਸਿੱਖ ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮਹਾਰਾਸ਼ਟਰ ਵਿਚ ਭਾਜਪਾ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕ ਬੋਰਡ ਨਾਲ ਛੇੜਛਾੜ ਕਰ ਕੇ ਇਸ ਵਿਚ 12 ਸਰਕਾਰੀ ਮੈਂਬਰ ਨਾਮਜ਼ਦ ਕਰ ਲਏ ਤਾਂ ਜੋ ਇਸ ’ਤੇ ਕਬਜ਼ਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਕੰਟਰੋਲ ਹੇਠ ਦਿੱਲੀ ਕਮੇਟੀ ਵਰਗੀਆਂ ਸੰਸਥਾਵਾਂ ਜਿਹਨਾਂ ’ਤੇ ਮਨਜਿੰਦਰ ਸਿੰਘ ਸਿਰਸਾ ਦਾ ਕਬਜ਼ਾ ਹੈ, ਉਹ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਧਰਨਾ ਲਾਉਣ ਵਾਲੇ ਕਿਸਾਨਾਂ ਨੂੰ ਲੰਗਰ ਦੇਣ ਤੋਂ ਵੀ ਇਨਕਾਰੀ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਵਿਚ ਆਪ ਸਰਕਾਰ ’ਤੇ ਅਸਿੱਧੇ ਤੌਰ ’ਤੇ ਕਬਜ਼ਾ ਕਰ ਲਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਭਾਜਪਾ ਦੀ ਬੀ ਟੀਮ ਵਾਂਗੂ ਕੰਮ ਕਰ ਰਹੇ ਹਨ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਮੁੜ ਬਣਨ ’ਤੇ ਪੰਜਾਬ ਵਿਚ ਭਾਜਪਾ ਦੇ ਮੁੱਖ ਮੰਤਰੀ ਬਣਨ ਲਈ ਤਿਆਰ ਬੈਠੇ ਹਨ।
ਸ. ਬਾਦਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ । ਉਹਨਾਂ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਪਾਰਟੀ ਆਪਣੇ ਸਿਧਾਂਤਾਂ ’ਤੇ ਡਟੀ ਰਹੇਗੀ ਭਾਵੇਂ ਜੋ ਮਰਜ਼ੀ ਹੋ ਜਾਵੇ। ਉਹਨਾਂ ਕਿਹਾ ਕਿ ਅਸੀਂ ਭਾਜਪਾ ਦਾ ਸਾਥ ਇਸ ਕਰ ਕੇ ਛੱਡਿਆ ਕਿਉਂਕਿ ਉਹ ਕਿਸਾਨਾਂ ਨਾਲ ਨਿਆਂ ਨਹੀਂ ਕਰ ਰਹੀ ਸੀ। ਉਹਨਾਂ ਕਿਹਾ ਕਿ ਹੁਣ ਵੀ ਅਸੀਂ ਭਾਜਪਾ ਨਾਲ ਗਠਜੋੜ ਨਾ ਕਰਨ ਦਾ ਫੈਸਲਾ ਇਸ ਕਰ ਕੇ ਲਿਆ ਕਿਉਂਕਿ ਉਹ ਸਿੱਖ ਪੰਥ ਤੇ ਪੰਜਾਬ ਨੂੰ ਨਿਆਂ ਨਹੀਂ ਦੇ ਰਹੀ ਸੀ।
ਵੋਟਰਾਂ ਨੂੰ ਕੀਤੀ ਭਾਵੁਕ ਅਪੀਲ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਕਿਹਾ ਕਿ ਉਹ ਕਾਂਗਰਸ ਨੂੰ ਵੋਟਾਂ ਨਾ ਪਾਉਣ। ਉਹਨਾਂ ਕਿਹਾ ਕਿ ਪੰਜਾਬ ਵਿਚ ਚੋਣਾਂ 1 ਜੂਨ ਨੂੰ ਹੋ ਰਹੀਆਂ ਹਨ, ਇਹ ਉਹੀ ਦਿਹਾੜਾ ਹੈ ਜਿਸ ਦਿਨ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ। ਉਹਨਾਂ ਕਿਹਾ ਕਿ ਕੋਈ ਵੀ ਪੰਜਾਬੀ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਤੇ ਫਿਰ ਹੋਏ ਸਿੱਖ ਕਤਲੇਆਮ ਨੂੰ ਕਦੇ ਭੁੱਲ ਨਹੀਂ ਸਕਦਾ।ਸ. ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਮਾਨਸਾ ਨੂੰ ਸੂਬੇ ਵਿਚ ਸਭ ਤੋਂ ਪਛੜਿਆ ਮੰਨਿਆ ਜਾਂਦਾ ਸੀ ਤੇ ਅਕਾਲੀ ਦਲ ਦੇ ਰਾਜ ਵਿਚ ਇਥੇ ਕਈ ਗੁਣਾ ਵਿਕਾਸ ਹੋਇਆ। ਉਹਨਾਂ ਕਿਹਾ ਕਿ ਤੁਸੀਂ ਆਪਣੇ ਆਲੇ ਦੁਆਲੇ ਵੇਖੋ ਭਾਵੇਂ ਸੜਕਾਂ ਹੋਣ, ਸਿੰਜਾਈ ਚੈਨਲ ਹੋਣ ਜਾਂ ਮੰਡੀਆਂ ਹੋਣ ਇਹ ਸਭ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਬਣੇ ਹਨ। ਇਸ ਮੌਕੇ ਸੀਨੀਅਰ ਆਗੂ ਤੇ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ, ਦਿਲਰਾਜ ਸਿੰਘ ਭੂੰਦੜ ਤੇ ਬੀਬੀ ਹਰਗੋਬਿੰਦ ਕੌਰ ਵੀ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: