Adopt Consensus Instead : ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਆਪਣੇ-ਆਪਣੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ‘ਚ ਦਾਖਲ ਹੋ ਰਹੇ ਅਕਾਲੀ ਵਰਕਰਾਂ ‘ਤੇ ਕੀਤੇ ਗਏ ਲਾਠੀਚਾਰਜ ‘ਤੇ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਮੁੱਦਿਆਂ ‘ਤੇ ਟਕਰਾਅ ਦੀ ਬਜਾਏ ਆਮ ਸਹਿਮਤੀ ਤੇ ਰਚਨਾਤਮਕ ਸਹਿਯੋਗ ਦੀ ਨੀਤੀ ਅਪਣਾਓ। ਅਕਾਲੀ ਦਲ ਦੀ ਕਿਸਾਨ ਰੈਲੀ ਦੀ ਸਫਲਤਾ ਸੰਕਟਗ੍ਰਸਤ ਕਿਸਾਨਾਂ ਦੇ ਸਮਰਥਨ ‘ਚ ਉਭਰੀ ਅਕਾਲੀ ਲਹਿਰ ਦੀ ਝਲਕ ਸੀ।
ਅਕਾਲੀ ਵਰਕਰਾਂ ਤੇ ਕਿਸਾਨਾਂ ਖਿਲਾਫ ਧੱਕੇਸ਼ਾਹੀ ‘ਤੇ ਉਨ੍ਹਾਂ ਕਿਹਾ ਕਿ ਪ੍ਰਦਰਸ਼ਕਾਰੀਆਂ ਦੇ ਵਿਚਾਰ ਤੇ ਮੰਗਾਂ ‘ਚ ਕੁਝ ਵੀ ਗੈਰ-ਸੰਵਿਧਾਨਕ ਜਾਂ ਗਲਤ ਨਹੀਂ ਹੈ। ਕੇਂਦਰ ਸਰਕਾਰ ਨੂੰ ਦੇਸ਼ ਦੇ ਸੰਘੀ ਢਾਂਚੇ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ ਆਮ ਸਹਿਮਤੀ ਦਾ ਸਿਧਾਂਤ ਅਪਨਾਉਣ ਦੀ ਲੋੜ ਹੈ। ਕੋਈ ਵੀ ਟਕਰਾਅ ਜੇਕਰ ਹਿੰਸਕ ਹੋ ਜਾਵੇ ਤਾਂ ਉਹ ਦੇਸ਼ ਲਈ ਖਤਰਨਾਕ ਹੋ ਸਕਦਾ ਹੈ।ਸਹਿਕਾਰੀ ਸੰਘਵਾਦ ਨਾਲ ਲੋਕਤਾਂਤ੍ਰਿਕ ਵਿਰੋਧ ਵੀ ਸਾਡੀ ਵਿਵਸਥਾ ਦੀ ਸੱਚਾਈ ਹੈ। ਸਿਰਫ ਲੋਕਤਾਂਤ੍ਰਿਕ ਤੇ ਸੰਘੀ ਸੋਚ ਹੀ ਸਾਨੂੰ ਵਿਸ਼ਵ ਪੱਧਰ ‘ਤੇ ਸਿਆਸੀ, ਆਰਥਿਕ ਤੇ ਨੈਤਿਕ ਸ਼੍ਰੇਸ਼ਠਤਾ ਦਿਵਾ ਸਕਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਚੌਕੀਦਾਰੀ ਲਈ ਪੰਜਾਬ ‘ਚ ਰੋਡ ਸ਼ੋਅ ਕਰਨਗੇ। ਰਾਹੁਲ ਗਾਂਧੀ ਕਿਸ ਮੂੰਹ ਨਾਲ ਪੰਜਾਬ ‘ਚ ਰੋਡ ਸ਼ੋਅ ਕੱਢਣਗੇ ਕਿਉਂਕਿ ਜਦੋਂ ਸੰਸਦ ‘ਚ ਖੇਤੀ ਬਿੱਲਾਂ ਨੂੰ ਲੈ ਕੇ ਬਹਿਸ ਹੋ ਰਹੀ ਸੀ ਉਸ ਸਮੇਂ ਰਾਹੁਲ ਸੰਸਦ ਤੋਂ ਹੀ ਗੈਰ-ਹਾਜ਼ਰ ਸਨ। ਇਹੀ ਨਹੀਂ ਵਿਧਾਨ ਸਭਾ ‘ਚ ਪੰਜਾਬ ਸਰਕਾਰ ਨੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਇੱਕ ਪ੍ਰਸਤਾਵ ਤਾਂ ਪਾਸ ਕੀਤਾ ਪਰ ਇਸ ਨੂੰ 14 ਦਿਨ ਤੱਕ ਕੇਂਦਰ ਨਹੀਂ ਭੇਜਿਆ। ਇਸ ਨਾਲ ਕੈਪਟਨ ਦੀ ਨੀਅਤ ‘ਤੇ ਸਵਾਲ ਉਠਦੇ ਹਨ।