ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕੈਪਟਨ ਵੱਲੋਂ ਉਨ੍ਹਾਂ ਖਿਲਾਫ ਪਾਇਆ ਰੌਲਾ ਅਸਲ ਵਿੱਚ ਦਰਸਾਉਂਦਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸ਼ਾਂਤੀਪੂਰਨ ਤੇ ਦੇਸ਼ ਭਗਤ ਕਿਸਾਨਾਂ ਨੂੰ ਮਾੜੇ ਕਹਿਣ ਤੋਂ ਵਰਜਣ ’ਤੇ ਉਹ ਕਿਸ ਤਰੀਕੇ ਬੌਖਲਾ ਗਏ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਾਜਪਾ ਦੇ ਇਸ਼ਾਰਿਆਂ ’ਤੇ ਪੁੱਠੇ ਹੋ ਨੱਚ ਰਹੇ ਹਨ ਕਿਉਂਕਿ ਭਾਜਪਾ ਨੇ ਹੀ ਉਨ੍ਹਾਂ ਖਿਲਾਫ ਬਗਾਵਤਾਂ ਕਰਨ ਵਾਲੇ ਕਾਂਗਰਸੀ ਵਿਧਾਹਿਕਾਂ ਨੁੰ ਕੇਂਦਰੀ ਏਜੰਸੀਆਂ ਦੀ ਧਮਕੀ ਕੇ ਉਨ੍ਹਾਂ ਨੂੰ ਅੰਦਰੂਨੀ ਸੰਕਟ ਤੋਂ ਬਚਾਇਆ ਹੈ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਿੱਚ ਭਾਜਪਾ ਦੇ ‘ਸੁਤੰਤਰ ਫੌਜੀ’ ਹਨ ਅਤੇ ਉਹ ਆਪਣੇ ‘ਅਸਲ ਬੋਸ ਨੂੰ ਖੁਸ਼’ ਰੱਖਣ ਵਾਸਤੇ ਸਭ ਕੁੱਝ ਕਰਦੇ ਹਨ। ਬੀਤੀ ਸ਼ਾਮ ਨੂੰ ਜਾਰੀ ਕੀਤੇ ਬਿਆਨ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਜਪਾ ਵੱਲੋਂ ਕੀਤੇ ਅਹਿਸਾਨਾਂ ਦਾ ਬਦਲਾ ਮੋੜਨ ਲਈ ਅਪਾਣੇ ਹੀ ਕਿਸਾਨਾਂ ਨਾਲ ਧੋਖਾ ਕਰਦੇ ਫੜੇ ਗਏ ਨਮੋਸ਼ੀ ਨਾਲ ਭਰੇ ਮੁੱਖ ਮੰਤਰੀ ਵੱਲੋਂ ਬਿਆਨ ਜਾਰੀ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਮੈਂ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਦਾ ਬਹੁਤ ਕੁੱਝ ਦੇਣਾ ਹੈ ਪਰ ਭਾਜਪਾ ਦਾ ਧੰਨਵਾਦ ਆਪਣੇ ਹੀ ਦੇਸ਼ ਦੇ ਆਪਣੇ ਸੂਬੇ ਵਿੱਚੋਂ ਅੰਨਦਾਤਾ ਦੀ ਕੀਮਤ ਤੋਂ ਨਹੀਂ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹੁਣ ਕਿਸੇ ਨੁੰ ਇਹ ਪਤਾ ਨਹੀਂ ਲੱਗ ਰਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਸਾਹਿਬ ਕਿਸ ਪਾਰਟੀ ਤੋਂ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਜੇਕਰ ਉਨ੍ਹਾਂ ਦਾ ਮੁੱਖ ਮੰਤਰੀ ਦਾ ਅਹੁਦਾ ਖ਼ਤਰੇ ਵਿੱਚ ਪਿਆ ਤਾਂ ਉਹ ਆਪਣੀ ਪਾਰਟੀ ਵੀ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਰਥਿਕ ਨੁਕਸਾਨ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾ ਕੇ ਉਹ ਭਾਜਪਾ ਦਾ ਅਹਿਸਾਨ ਮੋੜ ਰਹੇ ਹਨ ਜਦਕਿ ਉਨ੍ਹਾਂ ਆਪ ਸੂਬੇ ਨੁੰ ਆਰਥਿਕ ਸੰਕਟ ਵਿੱਚ ਧੱਕਿਆ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਉਹ ਸਮਝ ਰਹੇ ਹਨ ਕਿ ਕਿਸ ਤਰੀਕੇ ਨਮੋਸ਼ੀ ਨਾਲ ਭਰ ਕੇ ਮੁੱਖ ਮੰਤਰੀ ਉਨ੍ਹਾਂ ਖਿਲਾਫ ਬੋਲਣ ਲਈ ਗਟਰ ਦੀ ਭਾਸ਼ਾ ਵਰਤ ਰਹੇ ਹਨ ਤੇ ਆਪਣੀ ਉਮਰ ਦੇ ਲਿਹਾਜ ਨਾਲ ਖਾਸ ਤੌਰ ’ਤੇ ਇੱਕ ਮਹਿਲਾ ਜੋ ਉਨ੍ਹਾਂ ਦੀ ਧੀਆਂ ਦੀ ਉਮਰ ਦੀ ਹੈ, ਨੁੰ ਜਵਾਬ ਦੇਣ ਲਈ ਮਾਣ ਤੇ ਸਤਿਕਾਰ ਨਾਲ ਗੱਲ ਕਰਨਾ ਵੀ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਸਮਝਦੀ ਹਾਂ ਕਿ ਉਨ੍ਹਾਂ ਨੁੰ ਮੇਰੇ ਤੋਂ ਕੀ ਤਕਲੀਫ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਕੋਲੋਂ ਖਤਰੇ ਵਿੱਚ ਪਈ ਆਪਣੀ ਕੁਰਸੀ ਬਚਾਉਣ ਲਈ ਝੂਠ ਬੋਲਿਆਂ ਤੇ ਆਪਣੇ ਲੋਕਾਂ ਖਾਸ ਤੌਰ ’ਤੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਦਾ ਫੜਿਆ ਗਿਆ ਹੋਵੇ, ਉਹ ਕਿਸ ਤਰੀਕੇ ਨਮੋਸ਼ੀ ਤੇ ਸ਼ਰਮਿੰਦਗੀ ਮਹਿਸੂਸ ਕਰਦਾ ਹੈ। ਕੈਪਟਨ ਸਾਹਿਬ ਜਾਣਦੇ ਹਨ ਕਿ ਜੇਕਰ ਭਾਜਪਾ ਨਾ ਹੁੰਦੀ ਤਾਂ ਅੱਜ ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਨਾ ਹੁੰਦੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਭਗਵਾਂ ਪਾਰਟੀ ਦੇ ਅਹਿਸਾਨਾਂ ਦਾ ਮੁੱਲ ਮੋੜਨ ਦਾ ਸਮਾਂ ਹੈ। ਪਰ ਤ੍ਰਾਸਦੀ ਇਹ ਹੈ ਕਿ ਉਹ ਅਜਿਹਾ ਆਪਣੇ ਹੀ ਸੂਬੇ ਦੇ ਬਹਾਦਰ ਤੇ ਦੇਸ਼ ਭਗਤ ਕਿਸਾਨਾਂ ਨੁੰ ਬਦਨਾਮ ਕਰ ਕੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਕੁਸ਼ਾਸਨ ਤੇ ਅਯੋਗਤਾ ਕਾਰਨ ਪਹਿਲਾਂ ਹੀ ਕਸੂਤੇ ਫਸੇ ਸੂਬੇ ਦੇ ਹੋਏ ਨੁਕਸਾਨ ਦਾ ਦੋਸ਼ ਕਿਸਾਨਾਂ ਸਿਰ ਮੜ੍ਹ ਰਹੇ ਹਨ।
ਹਰਸਿਮਰਤ ਬਾਦਲ ਨੇ ਕਿਹਾ ਕਿ ਮੈਂ ਮੰਨਦੀ ਹਾਂ ਕਿ ਇਸ ਉਮਰ ਵਿੱਚ ਮੁੱਖ ਮੰਤਰੀ ਦੀ ਨਜ਼ਰ ਸਹੀ ਹੈ ਤੇ ਇਸ ਲਈ ਮੈਂ ਇਹ ਨਹੀਂ ਮੰਨ ਸਕਦੀ ਕਿ ਤਿੰਨ ਕਾਲੇ ਕਾਨੂੰਨਾਂ ’ਤੇ ਹੋਈ ਚਰਚਾ ਵੇਲੇ ਜੋ ਵਾਪਰਿਆ ਤੇ ਦੁਨੀਆਂ ਨੇ ਵੇਖਿਆ, ਉਹ ਉਨ੍ਹਾਂ ਨੇ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਉਹ ਇਹ ਵੇਖਣ ਵਿੱਚ ਨਾਕਾਮ ਨਹੀਂ ਹੋ ਸਕਦੇ ਕਿ ਸਾਰੇ ਦੇਸ਼ ਵਿੱਚੋਂ ਸਿਰਫ ਦੋ ਸੰਸਦ ਮੈਂਬਰਾਂ ਨੇ ਇਹਨਾਂ ਬਿੱਲਾਂ ਖਿਲਾਫ ਵੋਟ ਪਾਈ ਤੇ ਦੋਹੇਂ ਉਸ ਸੂਬੇ ਦੇ ਸਨ ਜਿਥੇ ਦੇ ਕਿਸਾਨਾਂ ਨੂੰ ਉਹ ਨਿਆਂ ਮੰਗਦਿਆਂ ਨਹੀਂ ਵੇਖਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਅਸਤੀਫੇ ਦੀ ਗੱਲ ਨਹੀਂ ਕਰ ਰਹੀ । ਮੈਂ ਤਾਂ ਇਹ ਕਹਿ ਰਹੀ ਹਾਂ ਕਿ ਸ਼ਾਇਦ ਮੁੱਖ ਮੰਤਰੀ ਦੀ ਸੁਣਨ ਦੀ ਸ਼ਕਤੀ ਇੰਨੀ ਕਮਜ਼ੋਰ ਹੋ ਗਈ ਕਿ ਉਹ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਹੀ ਮੇਰੇ ਅਤੇ ਮੇਰੀ ਪਾਰਟੀ ਦਾ ਐਲਾਨ ਨਹੀਂ ਸੁਣਿਆ ਕਿ ਜੇਕਰ ਭਾਜਪਾ ਨੇ ਬਿੱਲ ਪਾਸ ਨਾ ਕਰਨ ਬਾਰੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਫਿਰ ਅਸੀਂ ਸਰਕਾਰ ਤੇ ਐਨ ਡੀ ਏ ਛੱਡ ਦਿਆਂਗੇ।
ਅਕਾਲੀ ਆਗੂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗ ਰਿਹਾ ਹੈ ਕਿ ਜੋ ਵਿਅਕਤੀ ਉਨ੍ਹਾਂ ਤੋਂ ਉਮਰ ਵਿੱਚ ਇੰਨਾ ਵੱਡਾ ਹੈ, ਉਸਦਾ ਝੂਠ ਉਹ ਦੱਸ ਰਹੇ ਹਨ। ਉਹ ਪੰਜਾਬ ਵਿੱਚ ਅਜਿਹਾ ਚੰਗਾ ਨਹੀਂ ਸਮਝਦੇ ਕਿਉਂਕਿ ਸਾਨੁੰ ਹਮੇਸ਼ਾ ਵੱਡਿਆਂ ਦਾ ਸਤਿਕਾਰ ਕਰਨ ਤੇ ਛੋਟਿਆਂ ਦਾ ਖਿਆਲ ਰੱਖਣ ਦੀ ਸਿੱਖਿਆ ਮਿਲੀ ਹੈ। ਜੇਕਰ ਪੰਜਾਬ ਅਤੇ ਬਾਕੀ ਮੁਲਕ ਦੇ ਲੱਖਾਂ ਕਰੋੜਾਂ ਕਿਸਾਨਾਂ ਦੇ ਹਿੱਤ ਦਾਅ ’ਤੇ ਨਾ ਲੱਗੇ ਹੋਣ ਤਾਂ ਮੈਂ ਕਿਸੇ ਦਾ ਵੀ ਇਸ ਤਿਰਸਕਾਰ ਨਾ ਕਰਾਂ। ਕੈਪਟਨ ਸਾਹਿਬ ਮੈਨੁੰ ਉਨ੍ਹਾਂ ਨੂੰ ਸੱਚ ਬੋਲ ਕੇ ਦੱਸਣ ਲਈ ਮੁਆਫ ਕਰਨ। ਮੈਂ ਕਦੇ ਵੀ ਉਨ੍ਹਾਂ ਦਾ ਅਪਮਾਨ ਨਹੀਂ ਕਰਨਾ ਚਾਹੁੰਦੀ ਪਰ ਜੇਕਰ ਸੱਚਾਈ ਹੀ ਤਿਰਸਕਾਰ ਵਾਲੀ ਹੈ ਤਾਂ ਮੈਂ ਕੁੱਝ ਨਹੀਂ ਕਰ ਸਕਦੀ। ਮੈਂ ਕਾਮਨਾ ਕਰਦੀ ਹਾਂ ਕਿ ਅਜਿਹਾ ਨਾ ਹੁੰਦਾ।