ਭਾਰਤ ਦੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰਦਿਆਂ ਪਹਿਲੀ ਵਾਰ ਸੈਮੀਫਾਈਨਲ ਵਿੱਚ ਐਂਟਰੀ ਕੀਤੀ ਹੈ।
ਟੋਕੀਓ ਓਲੰਪਿਕ ‘ਚ ਭਾਰਤੀ ਪੁਰਸ਼ ਹਾਕੀ ਟੀਮ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਸੈਮੀਫਾਈਨਲ ‘ਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਆਸਟ੍ਰੇਲੀਆ ਦੇ ਖਿਲਾਫ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ ਹੈ। ਮਹਿਲਾ ਹਾਕੀ ਟੀਮ ਦੀ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਮਹਿਲਾ ਟੀਮ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ ਹੈ। ਦਰਅਸਲ ਇਹ ਇਤਿਹਾਸ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਈ ਗੁਰਜੀਤ ਕੌਰ ਨੇ ਸਿਰਜਿਆ ਹੈ। ਇਸ ਮੈਚ ਵਿੱਚ ਭਾਰਤ ਨੇ ਡਰੈਗ ਫਲਿੱਕਰ ਗੁਰਜੀਤ ਕੌਰ ਦੇ ਗੋਲ ਨਾਲ ਆਸਟ੍ਰੇਲੀਆ ਨੂੰ ਹਰਾਇਆ ਹੈ।
ਭਾਰਤੀ ਮਹਿਲਾ ਹਾਕੀ ਟੀਮ ਦੀ ਇਸ ਜਿੱਤ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕਿਹਾ, “ਸਾਡੀਆਂ ਕੁੜੀਆਂ ਨੂੰ #TokyoOlympics ਵਿੱਚ ਮਹਿਲਾ ਹਾਕੀ ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਪ੍ਰਵੇਸ਼ ਕਰਦਿਆਂ ਵੇਖ ਕੇ ਬਹੁਤ ਖੁਸ਼ੀ ਹੋਈ। ਗੁਰਜੀਤ ਕੌਰ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਡਾ ਹੋਰ ਵੀ ਮਾਣ ਵਧਾਇਆ ਹੈ। ਵਧਾਈਆਂ ਅਤੇ all the best!”
ਇਹ ਵੀ ਪੜ੍ਹੋ : ਕਿਸਾਨਾਂ ਤੋਂ ਬਾਅਦ ਹੁਣ ਵਿਰੋਧੀ ਧਿਰ ਨੇ ਖਿੱਚੀ ਸੰਸਦ ਦੇ ਬਾਹਰ ਸੈਸ਼ਨ ਦੀ ਤਿਆਰੀ
ਦਰਅਸਲ ਭਾਰਤ ਨੇ ਕੁਆਰਟਰ ਫਾਈਨਲ ਵਿੱਚ 3 ਵਾਰ ਦੀ ਓਲੰਪਿਕ ਚੈਂਪੀਅਨ ਆਸਟ੍ਰੇਲੀਆ ਨੂੰ ਮਾਤ ਦਿੱਤੀ ਹੈ। ਜੋ ਭਾਰਤੀ ਮਹਿਲਾ ਟੀਮ ਦੀ ਇੱਕ ਵੱਡੀ ਕਾਮਯਾਬੀ ਹੈ। ਭਾਰਤ ਦੀ ਗੁਰਜੀਤ ਕੌਰ ਨੇ 22 ਵੇਂ ਮਿੰਟ ਵਿੱਚ ਟੀਮ ਨੂੰ 1-0 ਦੀ ਲੀਡ ਦਿਵਾਈ। ਉਸ ਨੇ ਡਾਇਰੈਕਟ ਫਲਿਕ ਰਾਹੀਂ ਗੋਲ ਕੀਤਾ। ਇਸ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਡਿਫੈਂਸ ਵੀ ਦਿਖਾਇਆ। ਜਦੋਂ ਭਾਰਤੀ ਮਹਿਲਾ ਟੀਮ ਇਤਿਹਾਸ ਵਿੱਚ ਪਹਿਲੀ ਵਾਰ ਸੈਮੀਫਾਈਨਲ ਵਿੱਚ ਪਹੁੰਚੀ ਤਾਂ ਖੁਸ਼ੀ ਦੀ ਕੋਈ ਹੱਦ ਨਹੀਂ ਸੀ।
ਇਹ ਵੀ ਪੜ੍ਹੋ : Abhijot ਨੇ ਕਰ ‘ਤਾ ਭਾਵੁਕ ਮੇਰੀ ਜ਼ਮੀਨ ਨੀ-ਜ਼ਮੀਰ ਹੈਗੀ ਐ ਪ੍ਰਧਾਨ ਮੰਤਰੀ ਤੱਕ ਪਹੁੰਚਾ ਦਿਓ ਇਹ ਵੀਡੀਓ