Large convoy of : ਅੰਮ੍ਰਿਤਸਰ: ਪੂਰੇ ਸੂਬੇ ‘ਚ ਖੇਤੀ ਬਿੱਲਾਂ ਦਾ ਮੁੱਦਾ ਬਹੁਤ ਗਰਮਾਇਆ ਪਿਆ ਹੈ। ਕਿਸਾਨਾਂ ਵੱਲੋਂ ਇਨ੍ਹਾਂ ਖਿਲਾਫ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਸਾਨਾਂ ਦੀ ਪਾਰਟੀ ਹੈ, ਨੇ 1 ਅਕਤੂਬਰ ਨੂੰ ਕਿਸਾਨ ਮੋਰਚਾ ਕੱਢਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਰਲੀਮੈਂਟ ‘ਚ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਅਤੇ ਕਿਸਾਨਾਂ ਦੇ ਅੰਦੋਲਨ ਦੇ ਹੱਕ ‘ਚ ਪਾਰਟੀ ਲੀਡਰਸ਼ਿਪ ਵਲੋਂ 1 ਨੂੰ ਸੂਬਾ ਭਰ ‘ਚੋਂ ਪਾਰਟੀ ਵਰਕਰਾਂ ਵਲੋਂ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ‘ਚ ਕਾਫੀ ਵੱਡੀ ਗਿਣਤੀ ‘ਚ ਕਿਸਾਨਾਂ ਦਾ ਜੱਥਾ ਸ਼ਾਮਲ ਹੋਵੇਗਾ।
ਮਜੀਠੀਆ ਨੇ ਦੱਸਿਆ ਕਿ ਇਹ ਰੋਸ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੋਂ ਚੱਲਣਗੇ ਅਤੇ ਚੰਡੀਗੜ੍ਹ ਵਿਖੇ ਜਾ ਕੇ ਰੋਸ ਮੁਜ਼ਾਹਰਾ ਕਰਕੇ ਕੇਂਦਰ ਸਰਕਾਰ ਤੇ ਇਹ ਕਿਸਾਨ ਵਿਰੋਧੀ ਬਿੱਲ ਵਾਪਸ ਲੈਣ ਲਈ ਦਬਾਅ ਬਣਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਜੀਠਾ ‘ਚੋਂ ਕਰੀਬ 500 ਗੱਡੀਆਂ ਦਾ ਕਾਫਲਾ ਇਸ ਮਾਰਚ ਵਿਚ ਸ਼ਾਮਿਲ ਹੋਵੇਗਾ। ਇਸ ਮੌਕੇ ਮੇਜਰ ਸ਼ਿਵਚਰਨ ਸਿੰਘ, ਲਖਬੀਰ ਸਿੰਘ ਗਿੱਲ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਐਡਵਿਨ ਪੌਲ (ਸਾਰੇ ਸਿਆਸੀ ਸਕੱਤਰ) ਮਜੀਠੀਆ, ਹਰਵਿੰਦਰ ਸਿੰਘ ਭੁੱਲਰ ਚੇਅਰਮੈਨ, ਮਹੇਸ਼ ਵਰਮਾ, ਗੁਰਪ੍ਰਤਾਪ ਸਿੰਘ ਟਿੱਕਾ, ਸੰਤਪ੍ਰਕਾਸ਼ ਸਿੰਘ, ਜਸਕਰਨ ਸਿੰਘ ਰੁਮਾਣਾ, ਨੰਬਰਦਾਰ ਦਰਸ਼ਨ ਸਿੰਘ ਧਰਮਪੁਰਾ, ਸੱਜਣ ਸਿੰਘ ਬੁੱਢਾਥੇਹ, ਸੂਬਾ ਸਿੰਘ ਚੰਡੇ, ਡਾ: ਸੁਖਦੇਵ ਸਿੰਘ ਸ਼ਾਮਨਗਰ ਆਦਿ ਅਕਾਲੀ ਵਰਕਰ ਹਾਜ਼ਰ ਸਨ।
ਭਾਵੇਂ ਬੀਤੇ ਕੱਲ੍ਹ ਰਾਸ਼ਟਰਪਤੀ ਵੱਲੋਂ ਇਨ੍ਹਾਂ ਤਿੰਨ ਖੇਤੀ ਬਿੱਲਾਂ ‘ਤੇ ਹਸਤਾਖਰ ਕਰ ਦਿੱਤੇ ਗਏ ਹਨ ਪਰ ਕਿਸਾਨਾਂ ਦਾ ਰੋਹ ਫਿਰ ਵੀ ਵਧਦਾ ਹੀ ਜਾ ਰਿਹਾ ਹੈ। ਬਹੁਤ ਸਾਰੇ ਸਿਆਸੀ ਦਲ ਕਿਸਾਨਾਂ ਦੇ ਹੱਕ ‘ਚ ਅੱਗੇ ਆ ਰਹੇ ਹਨ ਅਤੇ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਖੇਤੀ ਬਿੱਲਾਂ ਨਾਲ ਪੰਜਾਬ ‘ਚ ਕਿਸਾਨਾਂ ਦਾ ਭਵਿੱਖ ਖਤਮ ਹੋ ਜਾਵੇਗਾ। ਇਸ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਖੇਤੀ ਬਿੱਲਾਂ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਵੀ ਦਿੱਤਾ ਗਿਆ ਹੈ।