ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰ ਹੋਈ ਈਡੀ ਦੀ ਰੇਡ ਪਿੱਛੋਂ ਸਿਆਸਤ ਕਾਫ਼ੀ ਭਖ਼ ਗਈ ਹੈ। ਇਸ ਮੁੱਦੇ ਨੂੰ ਲੈ ਕੇ ਸੀ.ਐੱਮ. ਚੰਨੀ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਮਜੀਠੀਆ ਵੀ ਹੁਣ ਸੀ.ਐੱਮ. ਚੰਨੀ ਨੂੰ ਘੇਰਦੇ ਨਜ਼ਰ ਆ ਰਹੇ ਹਨ।
ਸ਼ਨੀਵਾਰ ਨੂੰ ਬਿਕਰਮਜੀਤ ਮਜੀਠੀਆ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰ ਭੁਪਿੰਦਰ ਸਿੰਘ ਹਨੀ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ। CM ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਮਜੀਠੀਆ ਨੇ ਕਿਹਾ ਕਿ ਚੰਨੀ ਮਤਲਬ ਹਨੀ, ਹਨੀ ਮਤਲਬ ਮਨੀ। ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਭੁਪਿੰਦਰ ਸਿੰਘ ਹਨੀ ਅਤੇ CM ਚੰਨੀ ਦੀਆਂ ਕਈ ਤਸਵੀਰਾਂ ਨੂੰ ਜਾਰੀ ਕਰਦਿਆਂ ਮੁੱਖ ਮੰਤਰੀ ਨੂੰ ਘੇਰਿਆ ਹੈ। ਮਜੀਠੀਆ ਨੇ ਰੇਡ ਤੋਂ 2 ਦਿਨ ਪਹਿਲਾਂ ਦੀ ਇੱਕ ਵੀਡੀਓ ਜਾਰੀ ਕਰ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਨੂੰ ਵਧਾਇਆ ਹੈ। ਮਜੀਠੀਆ ਨੇ ਕਿਹਾ ਕਿ ਭੁਪਿੰਦਰ ਹਨੀ CM ਚੰਨੀ ਦਾ ਖਾਸ ਹੈ। ਮਜੀਠੀਆ ਨੇ ਪੁੱਛਿਆ ਕਿ ਸਰਕਾਰ ਭੁਪਿੰਦਰ ਹਨੀ ‘ਤੇ ਇੰਨੀ ਮਿਹਰਬਾਨ ਕਿਉਂ ਹੈ ? CM ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ CM ਨੇ ਹੀ ਹਨੀ ਨੂੰ ਸਰਕਾਰੀ ਸੁਰੱਖਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਨੀ ਤੇ ਮਨੀ ਦੇ ਕੰਮ ਨੂੰ ਚੰਨੀ ਵੱਲੋਂ ਸ਼ਹਿ ਦਿੱਤੀ ਜਾ ਰਹੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਅਜੇ ਖੁਸ਼ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕ ਅਜੇ ਤਾ ਇਹ ਟ੍ਰੇਲਰ ਹੈ ਫਿਲਮ ਤਾਂ ਅਜੇ ਬਾਕੀ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਰਾਕੇਸ਼ ਚੌਧਰੀ ਸਭ ਤੋਂ ਵੱਡਾ ਮਾਈਨਿੰਗ ਮਾਸਟਰਮਾਈਂਡ ਹੈ। ਐੱਸ.ਐੱਸ.ਪੀ. ਅਤੇ ਡੀ.ਸੀ. ਇਨ੍ਹਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ। CM ਚੰਨੀ ਦੇ ਆਪਣੇ ਹਲਕੇ ਤੇ ਜ਼ਿਲ੍ਹੇ ‘ਚ ਹੀ ਧੜੱਲੇ ਨਾਲ ਨਜਾਇਜ਼ ਮਾਈਨਿੰਗ ਚੱਲ ਰਹੀ ਹੈ। ਮਜੀਠੀਆ ਨੇ ਅੱਗੇ ਕਿਹਾ ਕਿ CM ਚੰਨੀ ਨੇ ਮਾਈਨਿੰਗ ਵਿਭਾਗ ਆਪਣੇ ਕੋਲ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਹਨੀ ਦਾ ਮੂੰਹ ਖੁੱਲ੍ਹਿਆ ਤਾਂ ਮਨੀ ਚੰਨੀ ਦੇ ਘਰੋਂ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: