Mr. Sukhbir Badal : ਗੁਰਦਾਸਪੁਰ : ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਤਰ੍ਹਾਂ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਭਾਜਪਾ ਤੋਂ ਵੱਖ ਹੋਣ ਤੋਂ ਬਾਅਦ ਸੋਮਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਗੁਰਦਾਸਪੁਰ ਪੁੱਜੇ। ਉਨ੍ਹਾੰ ਕਿਹਾ ਕਿ ਉਹ ਕਿਸਾਨਾਂ ਲਈ ਸੰਘਰਸ਼ ਕਰਨਗੇ। ਭਾਜਪਾ ਨਾਲ ਦੁਬਾਰਾ ਗਠਜੋੜ ਦੀਆਂ ਸੰਭਾਵਨਾਵਾਂ ‘ਤੇ ਸੁਖਬੀਰ ਨੇ ਕਿਹਾ, ”ਸਾਡਾ ਕੋਈ ਬੈਕ ਗੀਅਰ ਨਹੀਂ ਹੈ ਮਤਲਬ ਹੁਣ ਦੁਬਾਰਾ ਗਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ।”
ਸੁਖਬੀਰ ਨੇ ਕਿਹਾ ਕਿ ਖੇਤੀ ਬਿੱਲਾਂ ਨੂੰ ਪਾਸ ਕਰਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਹੈ। ਕਿਸਾਨਾਂ ਤੇ ਦਲਾਂ ਨਾਲ ਇਸ ਸਬੰਧ ‘ਚ ਕੋਈ ਸਲਾਹ ਨਹੀਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਭਾਜਪਾ ਗਠਜੋੜ ਤੋਂ ਵੱਖ ਹੋਏ ਦਲਾਂ ਸ਼ਿਵ ਸੈਣਾ, ਤ੍ਰਿਣਮੂਲ ਕਾਂਗਰਸ ਨੂੰ ਇੱਕ ਮੰਚ ‘ਤੇ ਆਉਣ ਦੀ ਸਲਾਹ ਦਿੱਤੀ। ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਮੁੱਦੇ ‘ਤੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਭਾਜਪਾ ਤੋਂ ਨਾਤਾ ਤੋੜਨ ਤੋਂ ਬਾਅਦ ਸੁਖਬੀਰ ਬਾਦਲ ਨੇ ਬੀਤੇ ਦਿਨੀਂ ਰੋਪੜ, ਹੁਸ਼ਿਆਰਪੁਰ, ਫਗਵਾੜਾ ‘ਚ ਵਰਕਰਾਂ ਦੀ ਬੈਠਕ ਦੌਰਾਨ ਕਿਹਾ ਕਿ ਅਕਾਲੀ ਦਲ ਰਾਜਗ ਦਾ ਸਭ ਤੋਂ ਪੁਰਾਣਾ ਸਹਿਯੋਗੀ ਸੀ ਪਰ ਰਾਜਗ ‘ਚ ਸਾਡੀ ਗੱਲ ਨਹੀਂ ਸੁਣੀ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਰਥਿਕ ਦੁਰਦਸ਼ਾ ਪੂਰੀ ਤਰ੍ਹਾਂ ਤੋਂ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਸ. ਬਾਦਲ ਨੇ ਕਿਹਾ ਕਿ ਖੇਤੀ ਬਿੱਲਾਂ ਦੀ ਤਰ੍ਹਾਂ ਉਹ ਸਾਰਾ ਕੁਝ ਜੋ ਕਿਸਾਨਾਂ ‘ਚ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਕਰਦਾ ਹੈ ਉਸ ਖਿਲਾਫ ਅਕਾਲੀ ਦਲ ਦੀ ਲੜਾਈ ਜਾਰੀ ਰਹੇਗੀ। ਹੁਸ਼ਿਆਰਪੁਰ ‘ਚ ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਪਾਰਟੀ ਨਾਲ ਜੁੜੇ 25 ਸਾਲ ਹੋ ਗਏ ਹਨ ਪਰ ਅੱਜ ਤਕ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੇਰੀ ਪਿੱਠ ਨਹੀਂ ਥਪਥਪਾਈ। ਖੇਤੀ ਬਿੱਲ ਦੇ ਵਿਰੋਧ ‘ਚ ਹਰਸਿਮਰਤ ਦੇ ਦਿੱਤੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਮੈਨੂੰ ਸ਼ਾਬਾਸ਼ੀ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਸੂਲਾਂ ਦੀ ਲੜਾਈ ਲੜ ਰਿਹਾ ਹੈ ਤੇ ਤੂੰ (ਸੁਖਬੀਰ) ਇਨ੍ਹਾਂ ਅਸੂਲਾਂ ‘ਤੇ ਖਰੇ ਉਤਰੇ ਹੋ।