Sukhbir Badal Announces : ਚੰਡੀਗੜ੍ਹ : SAD ਦੇ ਪ੍ਰਧਾਨ ਸ. ਸੁਖਬੀਰ ਬਾਦਲ ਨੇ ਪੰਜਾਬ ‘ਚ ਦਲਿਤ ਤੇ ਗਰੀਬ ਵਰਗ ‘ਤੇ ਲਗਾਤਾਰ ਹੋ ਰਹੇ ਅਨਿਆਂ ਅਤੇ ਧੱਕੇਸ਼ਾਹੀਆਂ ਨੂੰ ਰੋਕਣ ਲਈ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਲਈ ਪਾਰਟੀ ਦੇ ਸੀਨੀਅਰ ਨੇਤਾਵਾਂ ਤੇ 27 ਮੈਂਬਰੀ ਉੱਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਸਾਬਕਾ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਇਸ ਕਮੇਟੀ ਦੇ ਚੇਅਰਮੈਨ ਹੋਣਗੇ। ਪਾਰਟੀ ਦੇ ਮੁੱਖ ਦਫਤਰ ‘ਚ ਇਸ ਦੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਦਲਿਤ ਤੇ ਗਰੀਬ ਵਰਗ ਨਾਲ ਬਹੁਤ ਅਨਿਆਂ ਹੋਇਆ ਹੈ। ਪਹਿਲਾਂ ਲੋਕਡਾਊਨ ਦਰਮਿਆਨ ਰਾਸ਼ਨ ਵੰਡ ‘ਚ ਘਪਲਾ ਹੋਇਆ ਫਿਰ ਵੱਡੀ ਗਿਣਤੀ ‘ਚ ਗਰੀਬ ਤੇ ਦਲਿਤ ਪਰਿਵਾਰਾਂ ਦੀਆਂ ਪੈਨਸ਼ਨਾਂ ਤੇ ਨੀਲੇ ਕਾਰਡ ਕੱਟੇ ਗਏ ਅਤੇ ਹੁਣ ਹਜ਼ਾਰਾਂ ਦੀ ਗਿਣਤੀ ‘ਚ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ‘ਚ ਕਰੋੜਾਂ ਰੁਪਏ ਦਾ ਘਪਲਾ ਹੋਣ ਕਾਰਨ ਦਲਿਤ ਤੇ ਪੱਛੜੇ ਵਰਗ ਦੇ ਬੱਚਿਆਂ ਦਾ ਭਵਿੱਖ ਖਤਰੇ ‘ਚ ਪੈ ਗਿਆ ਹੈ।
ਉਨ੍ਹਾਂ ਕਿਹਾ ਕਿ ਆਪਣੀਆਂ ਡਿਗਰੀਆਂ ਪੂਰੀਆਂ ਕਰ ਚੁੱਕੇ ਹੋਣਹਾਰ ਦਲਿਤ ਵਿਦਿਆਰਥੀਆਂ ਨੂੰ ਡਿਗਰੀਆਂ ਨਹੀਂ ਦਿਤੀਆਂ ਜਾ ਰਹੀਆਂ ਤੇ ਹਜ਼ਾਰਾਂ ਦਲਿਤ ਬੱਚਿਆਂ ਨੂੰ ਦਾਖਲਾ ਲੈਣ ਅਤੇ ਪੜ੍ਹਾਈ ਜਾਰੀ ਰੱਖਣ ‘ਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦਲਿਤ ਵਰਗ ਉਪਰ ਵੱਖ-ਵੱਖ ਥਾਵਾਂ ‘ਤੇ ਜ਼ੁਲਮ ਤੇ ਅਤਿਆਚਾਰ ਦੇ ਕੇਸਾਂ ‘ਚ ਵੀ ਵਾਧਾ ਹੋਇਆ ਹੈ। ਇਨ੍ਹਾਂ ਸਾਰੇ ਮਾਮਲਿਆਂ ਦੇ ਹੱਲ ਲਈ ਪਾਰਟੀ ਦੇ 27 ਸੀਨੀਅਰ ਨੇਤਾਵਾਂ ਦੀ ਇੱਕ ਸਾਂਝੀ ਕਮੇਟੀ ਬਣਾਈ ਗਈ ਹੈ ਜੋ ਮੀਟਿੰਗ ਕਰਕੇ ਦਲਿਤ ਵਰਗ ਨੂੰ ਇਨਸਾਫ ਦਿਵਾਉਣ ਲਈ ਪ੍ਰੋਗਰਾਮ ਤਿਆਰ ਕਰੇਗੀ ਤੇ ਸ਼੍ਰੋਮਣੀ ਅਕਾਲੀ ਦਲ ਪੂਰੇ ਪੰਜਾਬ ‘ਚ ਕਮੇਟੀ ਦੁਆਰਾ ਤੈਅ ਕੀਤੇ ਪ੍ਰੋਗਰਾਮਾਂ ਅਨੁਸਾਰ ਕੰਮ ਕਰੇਗਾ।
ਕਮੇਟੀ ਦੀ ਪਹਿਲੀ ਮੀਟਿੰਗ 13 ਅਕਤੂਬਰ ਦਿਨ ਮੰਗਲਵਾਰ ਨੂੰ 12 ਵਜੇ ਪਾਰਟੀ ਦੇ ਮੁੱਖ ਦਫਤਰ ‘ਚ ਹੋਵੇਗੀ। ਸ. ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਚੇਅਰਮੈਨ, ਸ. ਗੁਲਜਾਰ ਸਿੰਘ ਰਣੀਕੇ ਸਾਬਕਾ ਮੰਤਰੀ, ਸ. ਸੋਹਨ ਸਿੰਘ ਠੰਡਲ ਸਾਬਕਾ ਮੰਤਰੀ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ, ਸ. ਇਸ਼ਰ ਸਿੰਘ ਮੇਹਰਬਾਨ ਸਾਬਕਾ ਮੰਤਰੀ, ਸੰਤ ਬਲਬੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਸ਼੍ਰੀ ਪਵਨ ਕੁਮਾਰ ਟੀਨੂੰ, ਡਾ. ਸੁਖਵਿੰਦਰ ਸੁੱਖੀ, ਸ. ਬਲਦੇਵ ਸਿੰਘ ਖਹਿਰਾ (ਤਿੰਨੋਂ ਵਿਧਾਇਕ), ਸ. ਹਰਪ੍ਰੀਤ ਸਿੰਘ ਮਲੋਟ ਸਾਬਕਾ ਵਿਧਾਇਕ, ਸ. ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਵਿਧਾਇਕ, ਸ਼੍ਰੀ ਮਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ, ਸ਼੍ਰੀ ਐੱਸ. ਆਰ. ਕਲੇਰ ਸਾਬਕਾ ਵਿਧਾਇਕ, ਸ. ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ, ਸ. ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਬੀਬੀ ਵਨਿੰਦਰ ਕੌਰ ਲੂੰਬਾ ਸਾਬਕਾ ਵਿਧਾਇਕ, ਸ. ਮਲਕੀਅਤ ਸਿੰਘ ਏ. ਆਰ. ਸਾਬਕਾ ਵਿਧਾਇਕ, ਸ. ਇੰਦਰਇਕਬਾਲ ਸਿੰਘ ਅਟਵਾਲ ਸਾਬਕਾ ਵਿਧਾਇਕ, ਸ. ਪ੍ਰਕਾਸ਼ ਸਿੰਘ ਭੱਠੀ ਸਾਬਕਾ ਵਿਧਾਇਕ, ਸ. ਦਰਬਾਰਾ ਸਿੰਘ ਗੁਰੂ ਸਾਬਕਾ ਆਈ. ਏ. ਐੱਸ., ਸ਼੍ਰੀ ਵਿਜੇ ਦਾਨਵ, ਸ਼੍ਰੀ ਰਾਜ ਕੁਮਾਰ, ਸ਼੍ਰੀ ਕਬੀਰ ਦਾਸ ਨਾਭਾ, ਸ. ਮਨਮੋਹਨ ਸਿੰਘ ਸੰਧੂ, ਸ. ਸਤਨਾਮ ਸਿੰਘ ਰਾਹੀ, ਸ. ਪਰਮਜੀਤ ਸਿੰਘ ਪੰਮਾ ਐਡਵੋਕੇਟ ਤੇ ਸ਼੍ਰੀ ਚੰਦਨ ਗਰੇਵਾਲ ਸੀਨੀਅਰ ਨੇਤਾਵਾਂ ਦੇ ਨਾਂ ਸ਼ਾਮਲ ਹਨ।