Sukhbir Badal Condemns : ਬੀਤੇ ਕੱਲ੍ਹ ਫਤਿਹਗੜ੍ਹ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਸਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। ਇੱਕ ਘਟਨਾ ਪਿੰਡ ਤਾਰਖਣ ਮਾਜਰਾ ਤੇ ਦੂਜੀ ਘਟਨਾ ਪਿੰਡ ਜੱਲਾ ਵਿਖੇ ਵਾਪਰੀ ਤੇ ਇਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਇੱਕੋ ਹੀ ਦੋਸ਼ੀ ਸੀ। ਪਹਿਲੀ ਘਟਨਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਵਾਪਰੀ ਸੀ ਜਿਥੇ ਪਿੰਡ ਵਾਸੀਆਂ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਸੀ। ਇਹ ਘਟਨਾ ਸੋਮਵਾਰ ਸਵੇਰੇ 11 ਵਜੇ ਵਾਪਰੀ ਸੀ। ਪੰਜਾਬ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪਿੰਡ ਤਰਖਾਣ ਮਾਜਰਾ ਵਿਖੇ ਗੁਰਦਵਾਰਾ ਸਾਹਿਬ ਦੇ ਸੇਵਾਦਾਰ ਮਨਜੋਤ ਸਿੰਘ ਦੇ ਬਿਆਨ ‘ਤੇ ਥਾਣਾ ਸਰਹਿੰਦ ਵਿਖੇ ਮੁਕੱਦਮਾ ਨੰ. 294 ਮਿਤੀ 12.10.2020 ਦਰਜ ਕੀਤਾ ਹੈ। ਉਕਤ ਦੋਸ਼ੀ ਸਵਿਫਟ ਕਾਰ ‘ਚ ਗੁਰਦੁਆਰੇ ਮੱਥਾ ਟੇਕਣ ਦੇ ਬਹਾਨੇ ਆਇਆ ਸੀ ਤੇ ਉਸ ਦਾ ਦੂਜਾ ਸਾਥੀ ਕਾਰ ‘ਚ ਹੀ ਬੈਠਾ ਸੀ।
ਦੋਸ਼ੀ ਦੀ ਪਛਾਣ ਸਹਿਜਵੀਰ ਸਿੰਘ (ਉਮਰ 19 ਸਾਲ) ਵਾਸੀ ਨਾਭਾ ਵਜੋਂ ਹੋਈ ਹੈ। ਉਸਦੀ ਨਿੱਜੀ ਤਲਾਸ਼ੀ ਲੈਣ ‘ਤੇ ਪਟਿਆਲਾ ਦੇ ਇੱਕ ਹਸਪਤਾਲ ਦੀ ਪਰਚੀ ਮਿਲੀ ਹੈ, ਜਿੱਥੇ ਉਹ ਪਿਛਲੇ ਇੱਕ ਸਾਲ ਤੋਂ ਨਸ਼ਾ ਛੁਡਾਉਣ ਲਈ ਇਲਾਜ ਕਰਵਾ ਰਿਹਾ ਸੀ। ਦੋਸ਼ੀ ਦੀ ਪਛਾਣ ਉਸਦੇ ਪਿਤਾ ਦੁਆਰਾ ਵੀ ਕੀਤੀ ਗਈ ਹੈ, ਜਿਸਨੂੰ ਉਸਦੇ ਪੁੱਤਰ ਦੀ ਘਿਨਾਉਣੀ ਹਰਕਤ ਬਾਰੇ ਜਾਣਕਾਰੀ ਮਿਲਣ ਉਤੇ ਮੌਕੇ ਤੇ ਸੱਦਿਆ ਗਿਆ ਸੀ। ਬੁਲਾਰੇ ਨੇ ਕਿਹਾ ਕਿ ਮੁਢਲੀ ਤਫ਼ਤੀਸ਼ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਪਹਿਲਾਂ ਉਸ ਨੇ ਸਵੇਰੇ ਪਿੰਡ ਜੱਲਾ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ।
ਸ. ਬਾਦਲ ਨੇ ਕਿਹਾ ਕਿ ਇਕ ਹੀ ਦਿਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਦੋ ਘਟਨਾਵਾਂ ਵਾਪਰਣ ਸੱਚਮੁੱਚ ਨਿੰਦਣਯੋਗ ਹੈ । ਨਾਲ ਹੀ ਉੁਨ੍ਹਾਂ ਨੇ ਪਟਿਆਲਾ ਵਿਖੇ 100 ਤੋਂ ਵੱਧ ਸਾਲ ਪੁਰਾਣੇ ਸਰੂਪ ਚੋਰੀ ਹੋਣ ਦੇ ਮਾਮਲੇ ‘ਚ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੀ ਵੀ ਨਿੰਦਾ ਕੀਤੀ। ਸ. ਬਾਦਲ ਦਾ ਕਹਿਣਾ ਹੈ ਕਿ ਪੁਲਿਸ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਮਨ ‘ਚ ਡਰ ਪੈਦਾ ਹੋ ਸਕੇ ਅਤੇ ਦੁਬਾਰਾ ਅਜਿਹੀਆਂ ਮੰਦਭਾਗੀ ਘਟਨਾਵਾਂ ਇਥੇ ਨਾ ਵਾਪਰਣ।