ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਦਿੱਲੀ ਸਣੇ ਪੂਰੇ ਭਾਰਤ ਵਿੱਚ ਪਹੁੰਚ ਗਿਆ ਹੈ। ਕਿਸਾਨ ਅੰਦੋਲਨ ਕਾਰਨ ਪੰਜਾਬ ਅਤੇ ਯੂਪੀ ਦੀ ਸਿਆਸੀ ਗਰਮੀ ਵੀ ਵਧੀ ਹੈ।
ਇਸ ਦੌਰਾਨ ਹੁਣ ਕਾਨੂੰਨਾਂ ਨੂੰ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ‘ਬਲੈਕ ਫ੍ਰਾਈਡੇ ਪ੍ਰੋਟੈਸਟ ਮਾਰਚ’ ਕੱਢਿਆ ਜਾਂ ਰਿਹਾ ਹੈ। ਅਕਾਲੀ ਦਲ ਦੇ ਵਰਕਰਾਂ ਵੱਲੋ ਦਿੱਲੀ ਦੇ ਰਕਾਬਗੰਜ ਗੁਰਦੁਆਰਾ ਸਾਹਿਬ ਤੋਂ ਸੰਸਦ ਤੱਕ ਮਾਰਚ ਕੱਢਿਆ ਜਾਂ ਰਿਹਾ ਹੈ, ਹਾਲਾਂਕਿ ਅਕਾਲੀ ਦਲ ਦੇ ਮਾਰਚ ਨੂੰ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਇਸ ਕਿਸਾਨ ਮਾਰਚ ਦੀ ਅਗਵਾਈ ਕਰ ਰਹੇ ਹਨ।
ਪਰ ਇਸ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ ਕਿ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਕੁੱਲ 15 ਅਕਾਲੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ, ‘ਅਸੀਂ ਇੱਥੇ ਪੀਐਮ ਮੋਦੀ ਨੂੰ ਇਹ ਸੁਨੇਹਾ ਦੇਣ ਆਏ ਹਾਂ ਕਿ ਪੂਰਾ ਪੰਜਾਬ ਨਹੀਂ ਸਗੋਂ ਪੂਰਾ ਦੇਸ਼ ਉਨ੍ਹਾਂ ਦੀ ਸਰਕਾਰ ਦੇ ਵਿਰੁੱਧ ਹੈ।’
ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਕੇਂਦਰ ‘ਤੇ ਦੋਸ਼ ਲਾਉਂਦਿਆਂ ਕਿਹਾ,”ਸਬਕਾ ਸਾਥ, ਸਬਕਾ ਵਿਕਾਸ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਸਰਕਾਰ ਨੇ ਪੂਰੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਆਜ਼ਾਦੀ ਤੋਂ ਬਾਅਦ ਪੰਜਾਬੀਆਂ ਅਤੇ ਕਿਸਾਨਾਂ ਨੇ ਦੇਸ਼ ਦੇ ਹਿੱਤ ਲਈ ਕੰਮ ਕੀਤਾ ਹੈ। ਬਾਰਡਰ ‘ਤੇ ਕਿਸਾਨ ਬੈਠੇ ਹਨ, ਕਿੰਨੇ ਹੀ ਕਿਸਾਨ ਸ਼ਹੀਦ ਹੋ ਗਏ ਹਨ, ਪਰ ਉਨ੍ਹਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ। ਮੈਂ ਨੌਜਵਾਨਾਂ ਦਾ ਧੰਨਵਾਦ ਕਰਦੀ ਹਾਂ ਜੋ ਇੱਥੇ ਇਕੱਠੇ ਹੋਏ ਅਤੇ ਬਹੁਤ ਉਤਸ਼ਾਹ ਦਿਖਾਇਆ। ਲੜਾਈ ਜਾਰੀ ਹੈ, ਡਟੇ ਰਹਾਂਗੇ, ਡਟੇ ਰਹਾਂਗੇ!”: