Youth Akali Dal : ਜਲੰਧਰ : ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਕਰੋੜਾਂ ਦੇ ਘਪਲੇ ਦੇ ਮਾਮਲੇ ‘ਚ ਸੋਸ਼ਲ ਵੈਲਫੇਅਰ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਕਲੀਨ ਚਿੱਟ ਮਿਲਣ ਦੇ ਵਿਰੋਧ ‘ਚ ਯੁਵਾ ਅਕਾਲੀ ਦਲ ਨੇ ਸੋਮਵਾਰ ਨੂੰ ਡੀ. ਸੀ. ਆਫਿਸ ਦੇ ਸਾਹਮਣੇ ਧਰਨਾ ਦਿੱਤਾ। ਇਸ ਤੋਂ ਬਾਅਦ ਯੁਵਾ ਅਕਾਲੀ ਦਲ ਦੇ ਵਰਕਰਾਂ ਨੇ ਨਕੋਦਰ ਰੋਡ ਤੱਕ ਰੈਲੀ ਕੱਢੀ ਤੇ ਡਾਕਟਰ ਬੀ. ਆਰ. ਅੰਬੇਦਕਰ ਚੌਕ ‘ਚ ਟ੍ਰੈਫਿਕ ਜਾਮ ਕਰ ਦਿੱਤਾ। ਧਰਨੇ ‘ਚ ਯੁਵਾ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਸ਼ਾਮਲ ਹੋਏ।
ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਖਿਲਾਫ ਜਾਂਚ ਉਹ ਨੂੰ ਸਿਰੇ ਤੋਂ ਖਾਰਜ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਸਬੂਤ ਸਾਹਮਣੇ ਹਨ ਤਾਂ ਕਲੀਨ ਚਿੱਟ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੌਜਵਾਨਾਂ ਦੇ ਭਵਿੱਖ ਨਾਲ ਫਰਾਡ ਹੈ ਅਤੇ ਇਸ ਮਾਮਲੇ ‘ਚ ਸੀ. ਬੀ. ਆਈ. ਜਾਂਚ ਨਾਲ ਹੀ ਸੱਚ ਸਾਹਮਣੇ ਆਏਗਾ। ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀਆਂ ਕਿਸਾਨ ਰੈਲੀਆਂ ‘ਤੇ ਵੀ ਨਿਸ਼ਾਨਾ ਲਗਾਇਆ ਤੇ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਹਿੱਤ ‘ਚ ਨਹੀਂ ਹੈ ਸਗੋਂ ਸਿਰਫ ਰਾਜਨੀਤੀ ਕਰ ਰਹੀ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ‘ਤੇ ਵਿਧਾਇਕ ਪਵਨ ਟੀਨੂੰ ਨੇ ਕਿਹਾ ਕਿ ਕਾਂਗਰਸ ਨੇ ਰਮਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਹਨ ਤੇ ਪੜ੍ਹਾਈ ਲਈ ਆਇਆ ਪੈਸਾ ਤਕ ਹੜੱਪ ਲਿਆ। ਪ੍ਰਦਰਸ਼ਨ ‘ਚ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਯੂਥ ਨੇਤਾ ਸਰਬਜੋਤ ਸਿੰਘ ਸਾਬਾ, ਸੁਖਦੀਪ ਸਿੰਘ ਸੁਕਾਰ, ਗੁਰਦੇਵ ਸਿੰਘ ਗੋਲਡੀ ਭਾਟੀਆ, ਸੁਖਮਿੰਦਰ ਸਿੰਘ ਰਾਜਪਾਲ, ਰਣਜੀਤ ਸਿੰਘ ਰਾਣਾ ਮੌਜੂਦ ਸਨ।