Akali Dal To : ਜ਼ੀਰਾ : ਪੰਜਾਬ ‘ਚ ਖੇਤੀ ਬਿੱਲਾਂ ਨੂੰ ਲੈ ਕੇ ਵਿਰੋਧ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਕੱਲ੍ਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਇਨ੍ਹਾਂ ਖੇਤੀ ਬਿੱਲਾਂ ਨੂੰ ਪਾਸ ਕਰ ਦਿੱਤਾ ਗਿਆ। ਕੇਂਦਰ ਨੇ ਦੇਸ਼ ਦੇ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਦਾ ਦਰਦ ਸਮਝਿਆ। ਪਿਛਲੇ ਕੁਝ ਦਿਨਾਂ ਤੋਂ ਹੋ ਰਹੇ ਰੋਸ ਪ੍ਰਦਰਸ਼ਨ ਤੋਂ ਸਾਫ ਪਤਾ ਲੱਗ ਗਿਆ ਹੈ ਕਿ ਇਹ ਸੰਘਰਸ਼ ਹੁਣ ਲੰਬਾ ਹੀ ਚੱਲੇਗਾ। ਸ਼੍ਰੋਮਣੀ ਅਕਾਲੀ ਦਲ ਜਿਹੜੀ ਹੀ ਕਿਸਾਨਾਂ ਦੀ ਪਾਰਟੀ ਹੈ, ਵੱਲੋਂ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਵਿਖੇ ਸਾਂਝੇ ਕੀਤੇ।
ਬੀਬਾ ਬਾਦਲ ਤੋਂ ਸਵਾਲ ਪੁੱਛਿਆ ਗਿਆ ਕਿ ਕੇਂਦਰ ਵੱਲੋਂ SAD ਦੇ ਪੁਰਾਣੇ ਮਾਮਲਿਆਂ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ‘ਤੇ ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਉਨ੍ਹਾਂ ਦੀ ਪਾਰਟੀ ਨੂੰ ਡਰਾਉਣ ਦੇ ਹੱਥਕੰਡੇ ਹਨ ਤਾਂ ਜੋ ਪਾਰਟੀ ਦਾ ਧਿਆਨ ਸੰਘਰਸ਼ ਤੋਂ ਹਟਾ ਦਿੱਤਾ ਜਾਵੇ ਪਰ ਅਕਾਲੀ ਦਲ ਇਨ੍ਹਾਂ ਸਭ ਤੋਂ ਡਰਨ ਵਾਲਾ ਨਹੀਂ ਤੇ ਹਮੇਸ਼ਾ ਦੀ ਤਰ੍ਹਾਂ ਕਿਸਾਨਾਂ ਦੇ ਹੱਕ ‘ਚ ਖੜ੍ਹਾ ਰਹੇਗਾ ਤੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਦਾ ਰਹੇਗਾ। ਬੀਬਾ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਮਜਬੂਰੀ ‘ਚ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਸਗੋਂ ਉਨ੍ਹਾਂ ਨੇ ਅਜਿਹਾ ਕਰਕੇ ਕਿਸਾਨਾਂ ਪ੍ਰਤੀ ਆਪਣੇ ਫਰਜ਼ ਨੂੰ ਅਦਾ ਕੀਤਾ ਹੈ ਤੇ ਇਸ ਤੋਂ ਬਾਅਦ ਭਾਜਪਾ ਨਾਲ ਆਪਣੇ ਗਠਜੋੜ ਨੂੰ ਤੋੜਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਅਵਤਾਰ ਸਿੰਘ ਜ਼ੀਰਾ ਜਿਲ੍ਹਾ ਪ੍ਰਧਾਨ, ਜੋਗਿੰਦਰ ਸਿੰਘ ਜਿੰਦੂ ਸਾਬਕਾ MLA, ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ, ਮਾਸਟਰ ਗੁਰਨਾਮ ਸਿੰਘ, ਰੁਪਿੰਦਰ ਸਿੰਘ ਮੋਨੂੰ, ਕਾਰਜ ਸਿੰਘ ਆਹਲਾ,ਕੈਪਟਨ ਸਵਰਨ ਸਿੰਘ, ਕੁਲਦੀਪ ਸਿੰਘ ਬੰਬ ਜੀਰਾ ਤੇ ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਵਰਕਰ ਉਥੇ ਹਾਜ਼ਰ ਸਨ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਹਿਲਾਂ ਉਹ ਚੰਡੀਗੜ੍ਹ ਵਿਖੇ ਸੰਘਰਸ਼ ਕਰਨਗੇ ਤੇ ਇਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਵੱਲੋਂ ਦਿੱਲੀ ਨੂੰ ਘੇਰਿਆ ਜਾਵੇਗਾ ਤੇ ਸਰਕਾਰ ਨੂੰ ਇਨ੍ਹਾਂ ਖੇਤੀ ਬਿੱਲਾਂ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ ਕਿਉਂਕਿ ਇਹ ਖੇਤੀ ਬਿੱਲ ਕਿਸੇ ਵੀ ਤਰ੍ਹਾਂ ਤੋਂ ਕਿਸਾਨਾਂ ਦੇ ਭਵਿੱਖ ਲਈ ਚੰਗੇ ਨਹੀਂ ਹਨ ਤੇ ਇਸ ਨਾਲ ਪੰਜਾਬ ਦੀ ਕਿਸਾਨੀ ਬਰਬਾਦ ਹੋ ਜਾਵੇਗੀ।