ਪੰਜਾਬ ਵਿੱਚ ਹਲਾਤ ਆਮ ਹੋਣ ਤੋਂ ਬਾਅਦ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਹਵਾਈ ਅੱਡੇ ਜੋਕਿ 5 ਦਿਨਾਂ ਤੋਂ ਬੰਦ ਸਨ, ਖੋਲ੍ਹ ਦਿੱਤੇ ਗਏ ਹਨ। ਚੰਡੀਗੜ੍ਹ ਤੋਂ ਇਲਾਵਾ, ਪੰਜਾਬ ਵਿੱਚ ਅੰਮ੍ਰਿਤਸਰ, ਆਦਮਪੁਰ (ਜਲੰਧਰ) ਅਤੇ ਸਾਹਨੇਵਾਲ (ਲੁਧਿਆਣਾ) ਹਵਾਈ ਅੱਡੇ ਖੁੱਲ੍ਹ ਗਏ ਹਨ।
ਇਸ ਦੇ ਨਾਲ ਇੰਡੀਗੋ ਏਅਰਲਾਈਨਜ਼ ਨੇ ਅੰਮ੍ਰਿਤਸਰ ਹਵਾਈ ਅੱਡੇ ਲਈ ਆਪਣਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ ਦਿੱਲੀ ਤੋਂ ਅੰਮ੍ਰਿਤਸਰ ਲਈ ਪਹਿਲੀ ਉਡਾਣ ਰਾਤ 8 ਵਜੇ ਰਵਾਨਾ ਹੋਵੇਗੀ।
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਧਰਮਸ਼ਾਲਾ (ਕਾਂਗੜਾ) ਅਤੇ ਕੁੱਲੂ ਦੇ ਹਵਾਈ ਅੱਡੇ ਵੀ ਸਵੇਰੇ 10.30 ਵਜੇ ਤੋਂ ਖੋਲ੍ਹ ਦਿੱਤੇ ਗਏ ਹਨ। 6-7 ਮਈ ਦੀ ਰਾਤ ਨੂੰ ‘ਆਪ੍ਰੇਸ਼ਨ ਸਿੰਦੂਰ’ ਹਵਾਈ ਹਮਲੇ ਤੋਂ ਬਾਅਦ ਇਹ 15 ਮਈ ਤੱਕ ਬੰਦ ਰਹੇ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਖੁੱਲ੍ਹਣ ਦੇ ਐਲਾਨ ਤੋਂ ਬਾਅਦ, ਇੱਥੋਂ ਉਡਾਣਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਹਾਲਾਂਕਿ, ਅੱਜ ਚੰਡੀਗੜ੍ਹ ਤੋਂ ਕੋਈ ਉਡਾਣ ਨਹੀਂ ਹੈ। ਪਹਿਲੀ ਉਡਾਣ ਕੱਲ੍ਹ ਤੋਂ ਇੱਥੋਂ ਉਡਾਣ ਭਰੇਗੀ।

ਇੰਡੀਗੋ ਏਅਰਲਾਈਨਜ਼ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਆਪਣੀਆਂ ਉਡਾਣਾਂ ਦੇ ਵੇਰਵੇ ਜਾਰੀ ਕੀਤੇ ਹਨ। ਇਸ ਮੁਤਾਬਕ ਉਡਾਣ ਨੰਬਰ 6E-2045 ਸੋਮਵਾਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਲਈ ਉਡਾਣ ਭਰੇਗੀ। ਇਹ ਦਿੱਲੀ ਤੋਂ ਰਾਤ 8 ਵਜੇ ਰਵਾਨਾ ਹੋਵੇਗੀ ਅਤੇ ਰਾਤ 9.10 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦੀ ਉਡਾਣ 6E-5215 ਅੰਮ੍ਰਿਤਸਰ ਤੋਂ ਰਾਤ 9.40 ਵਜੇ ਰਵਾਨਾ ਹੋਵੇਗੀ। ਇਹ ਉਡਾਣ ਸਵੇਰੇ 10:55 ਵਜੇ ਦਿੱਲੀ ਦੇ IGIA ਦੇ ਟਰਮੀਨਲ T3 ‘ਤੇ ਉਤਰੇਗੀ।
ਇਹ ਵੀ ਪੜ੍ਹੋ : ਪਾਣੀ ਦੇ ਮੁੱਦੇ ‘ਤੇ ਐਕਸ਼ਨ ‘ਚ ਮਾਨ ਸਰਕਾਰ, BBMB ਖਿਲਾਫ਼ ਪਹੁੰਚੀ ਹਾਈਕੋਰਟ
ਦੂਜੇ ਪਾਸੇ ਪਠਾਨਕੋਟ ਵਿੱਚ ਸਰਹੱਦ ‘ਤੇ ਸਥਿਤ ਪਿੰਡ ਸਹੋਧਾ ਖੁਰਦ ਦੇ ਲੋਕਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੁਕਣ ਦਾ ਜਸ਼ਨ ਮਨਾਉਣ ਲਈ ਛਬੀਲ ਲਾਈ। ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਜਿਥੇ ਪੂਰੇ ਭਾਰਤ ਵਿਚ ਪਾਕਿਸਤਾਨ ਖਿਲਾਫ ਗੁੱਸਾ ਸੀ ਤੇ ਉਨ੍ਹਾਂ ਨੂੰ ਸਬਕ ਸਿਖਾਉਣ ਦੀ ਗੱਲ ਆਖੀ ਜਾ ਰਹੀ ਸੀ, ਉਥੇ ਹੀ ਪੰਜਾਬ ਦੇ ਸਰਹੱਦੀ ਪਿੰਡਾਂ ਤੇ ਸ਼ਹਿਰਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਉਹ ਸ਼ਾਂਤੀ ਦੀਆਂ ਅਰਦਾਸਾਂ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:























