Another brave girl : ਜਲੰਧਰ ਦੇ ਕਰਤਾਰਪੁਰ ‘ਚ ਪਾਲਿਊਸ਼ਨ ਚੈੱਕ ਸੈਂਟਰ ‘ਚ ਕੰਮ ਕਰਨ ਵਾਲੀ ਇੱਕ ਲੜਕੀ ਨੇ ਮੋਬਾਈਲ ਚੋਰੀ ਕਰਨ ਵਾਲੇ ਨੌਜਵਾਨ ਨੂੰ ਪਿੱਛਾ ਕਰਕੇ ਫੜ ਲਿਆ। ਹਾਲਾਂਕਿ ਚੋਰ ਦਾ ਦੂਜਾ ਸਾਥੀ ਮੋਬਾਈਲ ਲੈ ਕੇ ਫਰਾਰ ਹੋਣ ‘ਚ ਸਫਲ ਰਿਹਾ। ਘਟਨਾ ਦੀ ਸੂਚਨਾ ਮਿਲਦਿਆਂ ਕਰਤਾਰਪੁਰ ਪੁਲਿਸ ਮੌਕੇ ‘ਤੇ ਪੁੱਜੀ ਤੇ ਨੌਜਵਾਨ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਕਰਤਾਰਪੁਰ ਦੇ ਮੈਗਨੋਲੀਆ ਹੋਟਲ ਨੇੜੇ ਭੰਵਰਾ ਪਾਲਿਊਸ਼ਨ ਚੈੱਕ ਸੈਂਟਰ ‘ਚ ਇਹ ਘਟਨਾ ਵਾਪਰੀ। ਇਥੇ ਕੰਮ ਕਰਨ ਵਾਲੀਆਂ ਲੜਕੀਆਂ ਸੁਨੀਤਾ ਤੇ ਈਸ਼ਾ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ ਦੁਕਾਨ ਦੇ ਅੱਗੇ ਟੇਬਲ ‘ਤੇ ਪਏ ਹੋਏ ਸਨ। ਕੋਈ ਗਾਹਕ ਆਇਆ ਤੇ ਉਹ ਅੰਦਰ ਚਲੀ ਗਈ। ਇਸੇ ਦੌਰਾਨ ਬਾਹਰ ਖੜ੍ਹੇ ਦੋ ਬਾਈਕ ਸਵਾਰਾਂ ਨੇ ਮੋਬਾਈਲ ਚੋਰੀ ਕਰ ਲਏ।
ਈਸ਼ਾ ਬਾਹਰ ਆਈ ਤਾਂ ਇੱਕ ਨੌਜਵਾਨ ਮੋਬਾਈਲ ਲੈ ਕੇ ਇੱਕ ਪਾਸੇ ਭੱਜਿਆ ਤੇ ਦੂਜਾ ਨੌਜਵਾਨ ਸੜਕ ਤੋਂ ਭੱਜਣ ਲੱਗਾ ਤਾਂ ਈਸ਼ਾ ਨੇ ਉਸ ਦਾ ਪਿੱਛਾ ਕੀਤਾ ਤੇ ਰਸਤੇ ‘ ਆਟੋ ਵਾਲੇ ਦੀ ਮਦਦ ਨਾਲ ਉਸ ਨੂੰ ਫੜ ਲਿਆ। ਥਾਣਾ ਕਰਤਾਰਪੁਰ ਦੇ ਅਸਿਸਟੈਂਟ ਸਬ-ਇੰਸਪੈਕਟਰ ਆਤਮਜੀਤ ਨੇ ਦੱਸਿਆ ਕਿ ਹਿਰਾਸਤ ‘ਚ ਲਏ ਗਏ ਨੌਜਵਾਨ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਮੋਬਾਈਲ ਚੋਰੀ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ ਜਿਸ ‘ਚ ਦੋ ਨੌਜਵਾਨ ਪਹਿਲਾਂ ਦੁਕਾਨ ਦੇ ਬਾਹਰ ਗੱਲਾਂ ਕਰ ਰਹੇ ਹੁੰਦੇ ਹਨ। ਇੱਕ ਨੌਜਵਾਨ ਦੁਕਾਨ ਦੇ ਅੰਦਰੋਂ ਮੋਬਾਈਲ ਚੁੱਕ ਕੇ ਦੀਵਾਰ ‘ਤੇ ਰੱਖ ਦਿੰਦਾ ਹੈ ਜਿਨ੍ਹਾਂ ਨੂੰ ਦੀਵਾਰ ਦੇ ਦੂਜੇ ਪਾਸੇ ਖੜ੍ਹਾ ਨੌਜਵਾਨ ਲੈ ਕੇ ਭੱਜਦਾ ਹੈ।
ਈਸ਼ਾ ਨੇ ਦੱਸਿਆ ਕਿ ਮੋਬਾਈਲ ‘ਚ ਇਸ ਦੇ ਮਹੱਤਵਪੂਰਨ ਡਾਕੂਮੈਂਟਸ ਤੇ ਫੋਟੋਆਂ ਸਨ ਜਿਸ ਕਾਰਨ ਉਸ ਨੇ ਮੋਬਾਈਲ ਚੋਰਾਂ ਦਾ ਪਿੱਛਾ ਕੀਤਾ। ਰਸਤੇ ‘ਚ ਮੈਨੂੰ ਚੋਰਾਂ ਦਾ ਪਿੱਛਾ ਕਰਦੇ ਦੇਖ ਇੱਕ ਆਟੋ ਵਾਲੇ ਨੇ ਮਦਦ ਕੀਤੀ ਤੇ ਮੈਂ ਉਸ ਨੂੰ ਫੜ ਲਿਆ। ਹੁਣ ਮੋਬਾਈਲ ਚੋਰ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਮੁਕਰ ਰਿਹਾ ਹੈ ਪਰ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ ਕਿ ਇਸ ਨੇ ਹੀ ਮੋਬਾਈਲ ਚੋਰੀ ਕੀਤੇ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੂਜੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸ ਨੂੰ ਫੜ ਲਿਆ ਜਾਵੇਗਾ।