Another debt-ridden : ਬਠਿੰਡਾ : ਪੰਜਾਬ ‘ਚ ਕਿਸਾਨਾਂ ਵੱਲੋਂ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਜਾਰੀ ਹੈ। ਅੱਝ ਫਿਰ ਤੋਂ ਜਿਲ੍ਹਾ ਬਠਿੰਡਾ ਵਿਖੇ ਇੱਕ ਹੋਰ ਕਿਸਾਨ ਨੇ ਆਤਮਹੱਤਿਆ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਬੂਟਾ ਸਿੰਘ ਦੇ ਤੌਰ ‘ਤੇ ਹੋਈ ਹੈ। ਕਿਸਾਨ ਦੇ ਸਿਰ ‘ਤੇ ਕਰਜ਼ੇ ਦਾ ਕਾਫੀ ਬੋਝ ਸੀ ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਕੋਈ ਹੱਲ ਨਾ ਲੱਭਦਾ ਦੇਖ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਮ੍ਰਿਤਕ ਬੂਟਾ ਸਿੰਘ ਦੇ ਸਿਰ ‘ਤੇ 1500000 ਰੁਪਏ ਦਾ ਕਰਜ਼ਾ ਸੀ। ਕਿਸਾਨ ਕੋਲ ਲਗਭਗ 8 ਏਕੜ ਜ਼ਮੀਨ ਸੀ ਤੇ ਉਸ ਦਾ ਇੱਕ ਹੋਰ ਭਰਾ ਵੀ ਹੈ। ਉਕਤ ਕਿਸਾਨ ਨੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ ਤੇ ਬੈਂਕ ਵੱਲੋਂ ਆਪਣਾ ਪੈਸਾ ਵਸੂਲਣ ਲਈ ਉਸ ਨੂੰ ਵਾਰ-ਵਾਰ ਕਿਹਾ ਜਾ ਰਿਹਾ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਬੇ ‘ਚ ਆਏ ਦਿਨ ਅਜਿਹਾ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ ਜਿਥੇ ਕਿਸਾਨ ਨੂੰ ਕਰਜ਼ੇ ਕਾਰਨ ਅਜਿਹਾ ਕਦਮ ਚੁੱਕਣਾ ਹੀ ਪੈਂਦਾ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ਾ ਮੁਆਫ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਰਹੇ ਹਨ ਪਰ ਇਨ੍ਹਾਂ ਨੂੰ ਅਮਲ ‘ਚ ਨਹੀਂ ਲਿਆਂਦਾ ਜਾਂਦਾ। ਜੇਕਰ ਕਿਸਾਨਾਂ ਨੂੰ ਸਰਕਾਰ ਵੱਲੋਂ ਕੁਝ ਸਹੂਲਤਾਂ ਮਿਲਣ ਤੇ ਉਨ੍ਹਾਂ ਦੇ ਸਿਰ ‘ਤੇ ਕਰਜ਼ਿਆਂ ਦਾ ਬੋਝ ਨਾ ਹੋਵੇ ਤਾਂ ਉਹ ਆਤਮਹੱਤਿਆ ਦੇ ਰਸਤੇ ‘ਤੇ ਕਦੇ ਵੀ ਨਾ ਜਾਣ। ਮ੍ਰਿਤਕ ਕਿਸਾਨ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੂੰ ਜ਼ਰੂਰ ਕਿਸਾਨਾਂ ਲਈ ਕੋਈ ਨਾ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ ਤਾਂ ਜੋ ਖੁਦਕੁਸ਼ੀਆਂ ਨੂੰ ਠੱਲ੍ਹ ਪਾਈ ਜਾ ਸਕੇ ਤੇ ਸੂਬੇ ‘ਚ ਕਰਜ਼ੇ ਕਾਰਨ ਹੋ ਰਹੀਆਂ ਮੌਤਾਂ ਨੂੰ ਘਟਾਇਆ ਜਾ ਸਕੇ।