Another incident of : ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਫਾਂਬੜਾ ‘ਚ ਸੋਮਵਾਰ ਨੂੰ ਪਵਿੱਤਰ ਧਰਮ ਗ੍ਰੰਥ ਦੀ ਬੇਅਦੀ ਦੀ ਘਟਨਾ ਸਾਹਮਣੇ ਆਈ ਹੈ। ਕਿਸੇ ਸ਼ਰਾਰਤੀ ਤੱਤ ਨੇ ਗੁਰੂ ਘਰ ‘ਚ ਵੜ ਕੇ ਗੁਰੂ ਗ੍ਰੰਥ ਸਾਹਿਬ ਦੇ 14 ਪੰਨ੍ਹੇ ਫਾੜ ਦਿੱਤੇ ਹਨ। ਇੰਨਾ ਹੀ ਨਹੀਂ ਗੋਲਕ ਤੋੜ ਕੇ ਪੈਸੇ ਵੀ ਚੋਰੀ ਕਰ ਲਏ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ। ਇਸ ਫੁਜੇਟ ਨੂੰ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ। ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਵਾਲੇ ਦਿਨ ਇਸ ਤਰ੍ਹਾਂ ਦੀ ਬੇਅਦਬੀ ਸੱਚਮੁੱਚ ਨਿੰਦਣਯੋਗ ਹੈ।
ਘਟਨਾ ਗੁਰਦੁਆਰਾ ਸਿੰਘ ਸਭਾ ‘ਚ ਵਾਪਰੀ ਹੈ। ਇਸ ਦਾ ਪਤਾ ਉਦੋਂ ਲੱਗਾ ਜਦੋਂ ਸਵੇਰੇ 10 ਵਜੇ ਦੇ ਲਗਭਗ ਪਾਠੀ ਲਖਿਵੰਦਰ ਸਿੰਘ ਲੱਖਾ ਪਾਠ ਕਰਨ ਪੁੱਜੇ। ਉਨ੍ਹਾਂ ਨੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 687 ਤੋਂ 700 ਤੱਕ ਪੰਨ੍ਹੇ ਫਾੜੇ ਹੋਏ ਹਨ। ਲਖਵਿੰਦਰ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਕਮੇਟੀ ਦੇ ਮੈਂਬਰ ਮੌਕੇ ‘ਤੇ ਪੁੱਜੇ। CCTV ਕੈਮਰੇ ਦੀ ਫੁਜੇਟ ਚੈੱਕ ਕਰਨ ‘ਤੇ ਪੁਲਿਸ ਨੇ ਦੇਖਿਆ ਕਿ ਸਵੇਰੇ 6.21 ਮਿੰਟ ‘ਤੇ ਗੁਰਦੁਆਰੇ ‘ਚ ਵੜੇ ਇੱਕ ਨੌਜਵਾਨ ਨੇ ਪਹਿਲਾਂ ਗੋਲਕ ਤੋਂ ਪੈਸੇ ਕੱਢੇ ਤੇ ਗੁਰੂ ਸਰੂਪ ਨੂੰ ਨੁਕਸਾਨ ਪਹੁੰਚਾਇਆ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮੌਕੇ ‘ਤੇ ਪੁੱਜੇ SGPC ਮੈਂਬਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ‘ਚ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਸਖਤ ਸਜ਼ਾ ਦੇਣਾ ਯਕੀਨੀ ਬਣਾਵੇ। ਯੂਥ ਅਕਾਲੀ ਦਲ ਦੇ ਜਨਰਲ ਸੈਕ੍ਰੇਟਰੀ ਸਰਬਜੋਤ ਸਿੰਘ ਸਾਬੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ। ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਆਪਣੇ-ਆਪਣੇ ਗੁਰਦੁਆਰੇ ‘ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ। ਜ਼ਿਆਦਾਤਰ ਪਿੰਡਾਂ ਦੇ ਗੁਰਦੁਆਰਿਆਂ ‘ਚ ਕੈਮਰੇ ਤਾਂ ਲਗਾ ਦਿੱਤੇ ਗਏ ਹਨ ਜਿਨ੍ਹਾਂ ਦੀ ਪਿਕਚਰ ਕੁਆਲਟੀ ਬਹੁਤ ਘੱਟ ਹੈ, ਜਿਸ ਕਾਰਨ ਪੁਲਿਸ ਨੂੰ ਅਸਲੀ ਦੋਸ਼ੀ ਤੱਕ ਪੁੱਜਣ ‘ਚ ਮੁਸ਼ਕਲ ਆਉਂਦੀ ਹੈ।