Auto driver who : ਬੀਤੇ 19 ਅਕਤੂਬਰ ਨੂੰ ਪਟਿਆਲਾ ਵਿਖੇ ਇੱਕ ਆਟੋ ਚਾਲਕ ਵੱਲੋਂ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੀ ਵਿਦਿਆਰਥਣ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਸੀ। ਇਸੇ ਸਬੰਧ ‘ਚ ਪੁਲਿਸ ਨੇ ਸਫਲਤਾ ਹਾਸਲ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਸੁਖਦੇਵ ਸਿੰਘ ਉਰਫ ਸੋਨੂੰ ਪੁੱਤਰ ਦਲੀਪ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਪਿੰਡ ਅਲੀਪੁਰ ਅਰਾਈਆਂ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ SSP ਪਟਿਆਲਾ ਸ਼੍ਰੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਮੁਕੱਦਮਾ ਨੰਬਰ 210 ਮਿਤੀ 20.10.2020 ਅ/ਧ 376/511/354-ਬੀ/323/506 ਤਹਿਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ।
ਇਥੇ ਇਹ ਦੱਸਣਯੋਗ ਹੈ ਕਿ ਆਟੋ ਡਰਾਈਵਰ ਵੱਲੋਂ ਇੱਕ ਵਿਦਿਆਰਥਣ ਨਾਲ ਜ਼ਬਰਦਸਤੀ ਕੀਤੀ ਗਈ ਜਿਸ ਕਰਕੇ ਵਿਦਿਆਰਥਣ ਵੱਲੋਂ ਵਿਰੋਧ ਕਰਨ ’ਤੇ ਉਸ ਨੇ ਪੇਚਕਸ ਨਾਲ ਡਰਾਈਵਰ ’ਤੇ ਵਾਰ ਕੀਤੇ ਅਤੇ ਫਿਰ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਘਟਨਾ 19 ਅਕਤੂਬਰ ਨੂੰ ਲਗਭਗ 1 ਵਜੇ ਵਾਪਰੀ। ਪੀੜਤਾ ਨੇ ਦੱਸਿਆ ਕਿ ਉਹ ਆਟੋ ਨੰਬਰ 11AY6993 ‘ਤੇ ਸਵਾਰ ਹੋ ਕੇ ਘਰ ਜਾ ਰਹੀ ਸੀ ਕਿ ਰਸਤੇ ‘ਚ ਆਟੋ ਚਾਲਕ ਨੇ ਆਟੋ ਰੋਕ ਲਈ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ‘ਤੇ ਉਕਤ ਲੜਕੀ ਨੇ ਆਟੋ ਚਾਲਕ ‘ਤੇ ਪੇਚਕਸ ਨਾਲ ਕਈ ਵਾਰ ਕੀਤੇ ਜਿਸ ਕਾਰਨ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਕੋਲੋਂ ਦਰਜ ਕਰਵਾਈ।
SP ਸਿਟੀ ਸ਼੍ਰੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਸ਼੍ਰੀ ਅਜੇਪਾਲ ਸਿੰਘ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਪਟਿਆਲਾ ਪ੍ਰਦੀਪ ਸਿੰਘ ਬਾਜਵਾ ਤੇ ਚੌਕੀ ਮੁਖੀ ਬਹਾਦਰਗੜ੍ਹ ਮਨਜੀਤ ਸਿੰਘ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਬਹੁਤ ਹੁਸ਼ਿਆਰੀ ਨਾਲ ਕੰਮ ਕਰਦਿਆਂ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ।